ਡੇਅਰੀ ਫ਼ਾਰਮਿੰਗ ਦੀ ਸਿੱਕ ਮਨਪ੍ਰੀਤ ਨੂੰ ਪੰਜਾਬ ਖਿੱਚ ਲਿਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਦੇ ਜੰਮੇ-ਪਲੇ ਤੇ ਪੜ੍ਹੇ ਮਨਪ੍ਰੀਤ ਸਿੰਘ ਨੂੰ ਡੇਅਰੀ ਦੇ ਕਿੱਤੇ ਪ੍ਰਤੀ ਖਿੱਚ ਅੱਜ ਤੋਂ 6 ਸਾਲ ਪਹਿਲਾਂ ਪੰਜਾਬ ਲੈ ਆਈ......

Dairy Farming

ਕਾਠਗੜ੍ਹ/ਬਲਾਚੌਰ, - ਦਿੱਲੀ ਦੇ ਜੰਮੇ-ਪਲੇ ਤੇ ਪੜ੍ਹੇ ਮਨਪ੍ਰੀਤ ਸਿੰਘ ਨੂੰ ਡੇਅਰੀ ਦੇ ਕਿੱਤੇ ਪ੍ਰਤੀ ਖਿੱਚ ਅੱਜ ਤੋਂ 6 ਸਾਲ ਪਹਿਲਾਂ ਪੰਜਾਬ ਲੈ ਆਈ। ਕਾਠਗੜ੍ਹ ਨੇੜੇ ਜ਼ਮੀਨ ਲੈ ਕੇ ਡੇਅਰੀ ਤੇ ਪਸ਼ੂ ਪਾਲਣ ਦਾ ਕਿੱਤਾ ਅਪਨਾਉਣ ਵਾਲਾ ਅਮਿਟੀ ਯੂਨੀਵਰਸਿਟੀ ਦਾ ਬੀ.ਟੈਕ. ਬਾਇਓਟੈਕ ਡਿਗਰੀ ਹੋਲਡਰ ਮਨਪ੍ਰੀਤ ਨੌਕਰੀ ਕਰਨ ਦੀ ਥਾਂ ਆਪਣਾ ਕਿੱਤਾ ਕਰਕੇ ਬਹੁਤ ਖੁਸ਼ ਹੈ। ਉਹ ਨੌਜੁਆਨ ਉਦਮੀਆਂ ਲਈ ਮਿਸਾਲ ਬਣਿਆ ਹੋਇਆ ਹੈ।

ਦਿਲਚਸਪ ਇਹ ਹੈ ਕਿ ਉਸ ਦੀ ਐਮ.ਟੈਕ. ਬਾਇਓਟੈਕ ਪਤਨੀ ਅਮਨਜੋਤ ਵੀ ਆਪਣੇ ਪਤੀ ਦੇ ਇਸ ਕਿੱਤੇ ਦਾ ਹਿੱਸਾ ਬਣੀ ਹੋਈ ਹੈ। ਦੋਵੇਂ ਪਤੀ-ਪਤਨੀ ਬਾਇਓ ਟੈਕਨਾਲੋਜਿਸਟ ਹੋਣ ਕਾਰਨ ਪਸ਼ੂ ਪਾਲਣ ਅਤੇ ਡੇਅਰੀ ਕਿੱਤੇ ਨੂੰ ਪੂਰੇ ਵਿਗਿਆਨਕ ਢੰਗ ਨਾਲ ਕਰ ਰਹੇ ਹਨ। ਉਹ ਦੱਸਦੇ ਹਨ ਕਿ ਜਦੋਂ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਸ ਦੇ ਮੁਢਲੇ ਪ੍ਰੀਖਣ ਉਹ ਆਪਣੇ ਫ਼ਾਰਮ 'ਤੇ ਹੀ ਬਣਾਈ ਲੈਬ ਵਿੱਚ ਕਰਦੇ ਹਨ। ਜੇਕਰ ਕਲਚਰ ਜਿਹੇ ਅਗਲੇਰੇ ਟੈਸਟਾਂ ਦੀ ਲੋੜ ਪੈਂਦੀ ਹੈ ਤਾਂ ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਦੀਆਂ ਸੇਵਾਵਾਂ ਲੈਂਦੇ ਹਨ।

ਮਨਪ੍ਰੀਤ ਦੱਸਦਾ ਹੈ ਕਿ ਉਸ ਦਾ ਪੰਜਾਬ ਦੀ ਧਰਤੀ ਨਾਲ ਪਹਿਲਾਂ ਤੋਂ ਕੋਈ ਰਿਸ਼ਤਾ ਨਹੀਂ ਸੀ। ਪਿਤਾ ਜੀ ਦੇ ਚਚੇਰੇ ਭਰਾ ਇੱਥੇ ਰਹਿੰਦੇ ਤਾਂ ਸਨ ਪਰ ਉਸ ਦਾ ਜਨਮ ਦਿੱਲੀ ਹੋਇਆ ਹੋਣ ਕਾਰਨ, ਉਸ ਨੂੰ ਇੱਥੇ ਕੋਈ ਜ਼ਿਆਦਾ ਰੁਚੀ ਨਹੀਂ ਸੀ। ਬੀ.ਟੈਕ ਕਰਨ ਬਾਅਦ ਉਸ ਦੇ ਮਨ ਵਿੱਚ ਜਦੋਂ ਰੋਜ਼ਗਾਰ ਦੀ ਚੋਣ ਦੀ ਦੁਬਿਧਾ ਬਣੀ ਤਾਂ ਉਸ ਨੇ ਕਿਸੇ ਨਿੱਜੀ ਕੰਪਨੀ ਜਾਂ ਕਿਸੇ ਅਦਾਰੇ 'ਚ ਤਨਖਾਹ 'ਤੇ ਨੌਕਰੀ ਕਰਨ ਨਾਲੋਂ ਆਪਣਾ ਰੋਜ਼ਗਾਰ ਅਪਨਾਉਣ ਬਾਰੇ ਸੋਚਿਆ।

ਚੰਡੀਗੜ੍ਹ ਰਹਿੰਦੇ ਮਿੱਤਰ ਦਾ ਪੋਲਟਰੀ ਫ਼ਾਰਮ ਦਾ ਕਿੱਤਾ ਹੋਣ ਕਾਰਨ, ਜਦੋਂ ਸਲਾਹ ਪੁੱਛੀ ਤਾਂ ਉਸ ਨੇ ਪੋਲਟਰੀ ਫ਼ਾਰਮ ਜ਼ਿਆਦਾ ਮੁਨਾਫ਼ੇ ਵਾਲਾ ਨਾ ਹੋਣ ਕਾਰਨ, ਇਸ ਨੂੰ ਕਰਨ ਤੋਂ ਮਨ੍ਹਾਂ ਕਰਵਾ ਦਿੱਤਾ ਤੇ ਡੇਅਰੀ ਫ਼ਾਰਮ ਵੱਲ ਹੱਥ ਅਜ਼ਮਾਉਣ ਲਈ ਕਿਹਾ। ਕਾਠਗੜ੍ਹ ਨੇੜੇ ਬੰਨਾਂ ਪਿੰਡ ਵਿੱਚ ਜ਼ਮੀਨ ਦਾ ਪ੍ਰਬੰਧ ਕਰਨ ਬਾਅਦ, ਮਨਪ੍ਰੀਤ ਨੇ ਨਵਾਂਸ਼ਹਿਰ ਵਿਖੇ ਡੇਅਰੀ ਵਿਕਾਸ ਦਫ਼ਤਰ ਨਾਲ ਸੰਪਰਕ ਕੀਤਾ ਅਤੇ ਦਫ਼ਤਰ ਰਾਹੀਂ ਚਤਾਮਲੀ ਸਿਖਲਾਈ ਕੇਂਦਰ ਤੋਂ 15 ਦਿਨ ਦਾ ਡੇਅਰੀ ਕੋਰਸ ਕਰਨ ਬਾਅਦ ਵਿਭਾਗ ਦੀ ਸਬਸਿਡੀ ਸਕੀਮ ਰਾਹੀਂ 20 ਦੁਧਾਰੂ ਪਸ਼ੂਆਂ ਤੋਂ ਸ਼ੁਰੂਆਤ ਕਰਨ ਵਾਲਾ

ਇਹ ਉਤਸ਼ਾਹੀ ਨੌਜੁਆਨ ਅੱਜ 100 ਪਸ਼ੂਆਂ 'ਤੇ ਪੁੱਜ ਗਿਆ ਹੈ। ਉਸ ਦਾ ਕਹਿਣਾ ਹੈ ਕਿ ਇਸ ਵੇਲੇ ਦੁੱਧ ਦੇਣ ਵਾਲੇ 30 ਪਸ਼ੂ ਹਨ, ਜਿਨ੍ਹਾਂ ਵਿੱਚੋਂ ਕੁੱਝ ਦਾ ਦੁੱਧ ਵੇਰਕਾ ਪਲਾਂਟ ਅਤੇ ਕੁੱਝ ਦਾ ਨਿੱਜੀ ਤੌਰ 'ਤੇ ਵੇਚਿਆ ਜਾਂਦਾ ਹੈ।