ਮੁਹਾਲੀ ਪੁਲਿਸ ਵਲੋਂ ਦੋ ਮੁਲਜ਼ਮ ਕਾਬੂ, ਤੀਜੇ ਦੀ ਭਾਲ ਜਾਰੀ
ਮੁਹਾਲੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਜਿਥੇ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਉਥੇ ਹੀ ਲੁਟੇਰਿਆਂ ਦੇ ਹੌਸਲੇ .....
ਐਸ ਏ ਐਸ ਨਗਰ, : ਮੁਹਾਲੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਜਿਥੇ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਉਥੇ ਹੀ ਲੁਟੇਰਿਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਲੁਟੇਰਿਆਂ ਨੇ ਹੁਣ ਮੁਹਾਲੀ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਲੁੱਟਣਾ ਸ਼ੁਰੂ ਕਰ ਦਿਤਾ ਹੈ। ਬੀਤੇ ਦਿਨੀਂ ਫ਼ੇਜ਼ 11 ਦੇ ਥਾਣੇ ਵਿਚ ਤੈਨਾਤ ਕਾਂਸਟੇਬਲ ਬਲਜੀਤ ਸਿੰਘ ਅਪਣੀ ਨਾਈਟ ਡਿਊਟੀ ਲਈ ਅਪਣੇ ਪਿੰਡ ਤੋਂ ਫ਼ੇਜ਼ 11 ਆ ਰਿਹਾ ਸੀ ਜਦੋਂ ਉਹ ਪਿੰਡ ਧਰਮਗੜ੍ਹ ਅਤੇ ਸਫ਼ੀਪੁਰ ਵਿਚਾਲੇ ਪੁੱਜਾ ਤਾਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਉਸ ਉਪਰ ਹਮਲਾ ਕਰ ਦਿਤਾ।
ਇਨ੍ਹਾਂ ਲੁਟੇਰਿਆਂ ਨੇ ਬਲਜੀਤ ਸਿੰਘ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ। ਲੁਟੇਰੇ ਕਾਂਸਟੇਬਲ ਬਲਜੀਤ ਸਿੰਘ ਤੋਂ ਉਸ ਦਾ ਮੋਬਾਈਲ ਅਤੇ ਸੋਨੇ ਦੀ ਮੁੰਦਰੀ ਲੁੱਟ ਖੋਹ ਕੇ ਲੈ ਗਏ। ਇਸ ਮੌਕੇ ਲੁਟੇਰਿਆਂ ਨੇ ਬਲਜੀਤ ਸਿੰਘ ਤੋਂ ਨਕਦੀ ਵੀ ਖੋਹਣ ਦਾ ਯਤਨ ਕੀਤਾ ਪਰ ਉਸ ਵਿਚ ਉਹ ਸਫ਼ਲ ਨਹੀਂ ਹੋ ਸਕੇ।
ਇਸ ਸਬੰਧੀ ਸੋਹਾਣਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਇਸੇ ਦੌਰਾਨ ਬੀਤੇ ਦਿਨ ਰਫ਼ੀਕ ਮੁਹੰਮਦ ਉਰਫ ਭੋਲਾ ਪਿੰਡ ਨਡਿਆਲਾ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਅੱਜ ਥਾਣਾ ਫ਼ੇਜ਼ 11 ਦੀ ਪੁਲਿਸ ਵਲੋਂ ਇਸ ਮਾਮਲੇ ਵਿਚ ਦੂਜੇ ਮੁਲਜ਼ਮ ਸਤਾਰ ਅਲੀ ਪੁੱਤਰ ਅਮਰਦੀਨ ਵਸਨੀਕ ਨਡਿਆਲਾ ਨੂੰ ਗ੍ਰਿਫ਼ਤਾਰ ਕਰ ਕੇ ਸੋਹਾਣਾ ਪੁਲਿਸ ਦੇ ਹਵਾਲੇ ਕਰ ਦਿਤਾ। ਮੁਲਜ਼ਮ ਸਤਾਰ ਅਲੀ ਪਲੰਬਰ ਦਾ ਕੰਮ ਕਰਦਾ ਹੈ, ਉਹ ਪਹਿਲਾਂ ਵੀ ਕਈ ਅਪਰਾਧਕ ਵਾਰਦਾਤਾਂ ਕਰ ਚੁਕਿਆ ਹੈ।
ਪੁਲਿਸ ਅਨੁਸਾਰ ਸਤਾਰ ਅਲੀ ਪੰਦਰਾਂ ਦਿਨ ਪਹਿਲਾਂ ਇਕ ਮੰਦਰ ਦਾ ਤਾਲਾ ਤੋੜਦਾ ਫੜਿਆ ਗਿਆ ਸੀ ਤੇ ਅੱਜ ਕਲ ਇਸ ਮਾਮਲੇ ਵਿਚ ਜ਼ਮਾਨਤ 'ਤੇ ਚਲ ਰਿਹਾ ਸੀ। ਪੁਲਿਸ ਅਨੁਸਾਰ ਇਹ ਗਰੋਹ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਚੋਰੀਆਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਲੰਮੇ ਸਮੇਂ ਤੋਂ ਅੰਜਾਮ ਦੇ ਰਹੇ ਸਨ। ਇਨ੍ਹਾਂ ਦਾ ਤੀਜਾ ਸਾਥੀ ਅਜੇ ਤਕ ਫ਼ਰਾਰ ਹੈ, ਜਿਸ ਦੀ ਪੁਲਿਸ ਵਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।