ਸ਼੍ਰੋਮਣੀ ਕਮੇਟੀ ਨੇ ਸਿੱਖ ਵਿਦਿਆਰਥੀਆਂ ਲਈ ਮੈਡੀਕਲ 'ਵਰਸਟੀ ਦੇ ਬੂਹੇ ਢੋਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਦਿਆਰਥੀਆਂ ਵਾਸਤੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਟੀ ਅੰਮ੍ਰਿਤਸਰ ਵਿਚ ਡਾਕਟਰੀ ਦੀ.......

Guru Ram Das Charitablle Hospital

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਦਿਆਰਥੀਆਂ ਵਾਸਤੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਟੀ ਅੰਮ੍ਰਿਤਸਰ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਸਾਰੇ ਰਸਤੇ ਬੰਦ ਕਰ ਦਿਤੇ ਹਨ। ਯੂਨੀਵਰਸਟੀ ਨੇ ਐਮ.ਬੀ.ਬੀ.ਐਸ. ਕੋਰਸ ਦੀ ਫ਼ੀਸ 7.50 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ ਉਕੀ-ਪੁਕੀ 46.33 ਲੱਖ ਕਰ ਦਿਤੀ ਹੈ। ਕਮੇਟੀ ਨੇ ਗ਼ੌਰਮਿੰਟ ਕੋਟੇ ਦੀਆਂ ਸੀਟਾਂ ਖ਼ਤਮ ਕਰ ਦਿਤੀਆਂ ਹਨ। ਸਿੱਖ ਘੱਟ ਗਿਣਤੀ ਕੋਟੇ ਦੇ ਵਿਦਿਆਰਥੀਆਂ ਤੋਂ ਪੂਰੀ ਫ਼ੀਸ ਵਸੂਲ ਕੀਤੀ ਜਾਵੇਗੀ ਜਦੋਂਕਿ ਕ੍ਰਿਸਚੀਅਨ ਮੈਡੀਕਲ ਕਾਲਜ ਲੁਧਿਆਣਾ ਨੇ ਈਸਾਈ ਬੱਚਿਆਂ ਨੂੰ ਰਿਆਇਤੀ ਫ਼ੀਸ 'ਤੇ ਦਾਖ਼ਲਾ ਲੈਣ ਦਾ ਹੋਕਾ ਦਿਤਾ ਹੈ। 

ਪੰਜਾਬ ਸਰਕਾਰ ਵਲੋਂ ਐਮ.ਬੀ.ਬੀ.ਐਸ. ਲਈ ਸਰਕਾਰੀ ਕੋਟੇ ਦੀ ਫ਼ੀਸ 2.20 ਲੱਖ ਰੁਪਏ ਅਤੇ ਮੈਨੇਜਮੈਂਟ ਕੋਟੇ ਦੀ ਫ਼ੀਸ 7.50 ਲੱਖ ਰੁਪਏ ਮੁਕਰਰ ਕੀਤੀ ਗਈ ਹੈ। ਐਨ.ਆਰ.ਆਈਜ਼. ਕੋਟੇ ਦੀ ਫ਼ੀਸ 1.50 ਲੱਖ ਡਾਲਰ ਹੈ ਪਰ ਗੁਰੂ ਰਾਮਦਾਸ ਯੂਨੀਵਰਸਟੀ ਨੇ ਸਰਕਾਰੀ ਕੋਟੇ ਦੀ ਫ਼ੀਸ ਵਿਚ ਦਾਖ਼ਲਾ ਹੀ ਬੰਦ ਕਰ ਦਿਤਾ ਹੈ। ਮੈਡੀਕਲ ਖੋਜ ਅਤੇ ਸਿਖਿਆ ਵਿਭਾਗ ਮੁਤਾਬਕ ਪ੍ਰਾਈਵੇਟ ਮੈਡੀਕਲ ਕਾਲਜਾਂ  ਵਿਚ 50 ਫ਼ੀ ਸਦੀ ਸੀਟਾਂ ਸਰਕਾਰੀ ਕੋਟੇ, 35 ਫ਼ੀ ਸਦੀ ਸੀਟਾਂ ਮੈਨੇਜਮੈਂਟ ਕੋਟੇ ਅਤੇ 15 ਫ਼ੀ ਸਦੀ ਸੀਟਾਂ ਐਨ.ਆਰ.ਆਈਜ਼. ਲਈ ਰਾਖਵੀਆਂ ਹਨ।

ਗੁਰੂ ਰਾਮਦਾਸ ਮੈਡੀਕਲ ਕਾਲਜ ਨੂੰ ਯੂਨੀਵਰਸਟੀ ਦਾ ਦਰਜਾ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰੀ ਹਦਾਇਤਾਂ ਮੰਨਣ ਤੋਂ ਬਾਗ਼ੀ ਹੋ ਗਈ ਹੈ। ਇਕ ਹੋਰ ਸੂਚਨਾ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਤੋਂ ਸਿੱਖ ਘੱਟ ਗਿਣਤੀ ਕੋਟੇ ਲਈ ਲਿਖਤੀ ਟੈਸਟ ਲੈਣਾ ਬੰਦ ਕਰ ਦਿਤਾ ਹੈ ਅਤੇ ਉਮੀਦਵਾਰਾਂ ਦੇ ਸਿੱਖੀ ਸਰੂਪ ਨੂੰ ਦਾਖ਼ਲੇ ਦੀ ਮੁਢਲੀ ਸ਼ਰਤ ਕਰਾਰ ਦੇ ਦਿਤਾ ਹੈ।  ਪੰਜਾਬ ਵਿਚ ਸਰਕਾਰੀ ਮੈਡੀਕਲ ਕਾਲਜਾਂ ਦੀ ਗਿਣਤੀ ਤਿੰਨ ਹੈ ਜਦੋਂਕਿ ਪੰਜ ਪ੍ਰਾਈਵੇਟ ਮੈਡੀਕਲ ਕਾਲਜ/ਯੂਨੀਵਰਸਟੀਆਂ ਹਨ।

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਐਮ.ਬੀ.ਬੀ.ਐਸ. ਦੀਆਂ 200-200 ਸੀਟਾਂ ਹਨ ਜਦੋਂਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਚ 100 ਸੀਟਾਂ ਹਨ। ਗੁਰੂ ਰਾਮਦਾਸ ਮੈਡੀਕਲ ਯੂਨੀਵਰਸਟੀ ਵਿਚ 150 ਸੀਟਾਂ ਹਨ। ਕ੍ਰਿਸਚੀਅਨ ਮੈਡੀਕਲ ਕਾਲਜ ਲੁਧਿਆਣਾ ਅਤੇ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਵਿਚ ਕ੍ਰਮਵਾਰ 60 ਅਤੇ 100 ਸੀਟਾਂ ਹਨ। ਆਦੇਸ਼ ਮੈਡੀਕਲ ਯੂਨੀਵਰਸਟੀ ਬਠਿੰਡਾ ਅਤੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਜਲੰਧਰ ਵਿਚ 150-150 ਸੀਟ ਹੈ।

ਇਨ੍ਹਾਂ ਸਾਰੇ ਕਾਲਜਾਂ ਵਿਚ ਦਾਖ਼ਲਾ ਸਰਬ ਭਾਰਤੀ ਸਾਂਝੇ ਮੈਡੀਕਲ ਟੈਸਟ ਰਾਹੀਂ ਹੁੰਦਾ ਹੈ। ਲੁਧਿਆਣਾ ਤੋਂ ਸਿੱਖ ਪੰਥ ਲਈ ਵੱਡੀ ਕੁਰਬਾਨੀ ਦੇਣ ਵਾਲੇ ਇਕ ਪਰਵਾਰ ਦੇ ਗੁਰਸਿੱਖ ਬੱਚੇ, ਜਿਹੜਾ ਕਿ ਨੀਟ ਟੈਸਟ ਵਿਚੋਂ ਮੂਹਰਲੇ ਸਥਾਨ 'ਤੇ ਰਿਹਾ ਹੈ, ਨੂੰ ਸੀ.ਐਮ.ਸੀ. ਵਲੋਂ ਧਰਮ ਬਦਲ ਕੇ ਮੁਫ਼ਤ ਵਿਚ ਐਮ.ਬੀ.ਬੀ.ਐਸ. ਕਰਾਉਣ ਦੀ ਪੇਸ਼ਕਸ਼ ਹੈ ਜਦੋਂਕਿ ਸ਼੍ਰੋਮਣੀ ਕਮੇਟੀ, ਮੈਡੀਕਲ ਯੂਨੀਵਰਸਟੀ ਵਿਚ 46.33 ਲੱਖ ਰੁਪਏ ਫ਼ੀਸ ਜਮ੍ਹਾਂ ਕਰਵਾਏ ਬਗ਼ੈਰ ਦਾਖ਼ਲਾ ਦੇਣ ਲਈ ਤਿਆਰ ਨਹੀਂ ਹੈ। 

ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਮੈਡੀਕਲ ਕਾਲਜ ਨੂੰ ਯੂਨੀਵਰਸਟੀ ਦਾ ਦਰਜਾ ਇਸ ਲਈ ਦੁਆਇਆ ਹੈ ਤਾਕਿ ਮਨਮਰਜ਼ੀ ਦੀਆਂ ਫ਼ੀਸਾਂ ਨਾਲ ਲੁਟਿਆ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ੀਸ ਜਾਂ ਦਾਖ਼ਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਉਹ ਸੋਮਵਾਰ ਨੂੰ ਦਫ਼ਤਰ ਖੁਲ੍ਹਣ 'ਤੇ ਹੀ ਸੂਚਨਾ ਲੈ ਕੇ ਦੱਸ ਸਕਣਗੇ।