ਟਰਾਈਸਿਟੀ ਤਿੰਨ ਦਿਨਾਂ ਤੋਂ ਧੂੜ ਦੀ ਲਪੇਟ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਤਿੰਨ ਦਿਨਾਂ ਤੋਂ ਉਤਰ ਭਾਰਤ ਸਮੇਤ ਚੰਡੀਗੜ੍ਹ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਰਾਜਸਥਾਨ ਤੋਂ ਆਈਆਂ ਧੂੜਭਰੀਆਂ ਹਵਾਵਾਂ ਨੇ ਹਰਿਆਣਾ ਅਤੇ ਪੰਜਾਬ ਵਿਚ ਲੋਕਾਂ.....

Dusty Wind in Chandigarh

ਚੰਡੀਗੜ੍ਹ/ਐਸ.ਏ.ਐਸ. ਨਗਰ, : ਬੀਤੇ ਤਿੰਨ ਦਿਨਾਂ ਤੋਂ ਉਤਰ ਭਾਰਤ ਸਮੇਤ ਚੰਡੀਗੜ੍ਹ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਰਾਜਸਥਾਨ ਤੋਂ ਆਈਆਂ ਧੂੜਭਰੀਆਂ ਹਵਾਵਾਂ ਨੇ ਹਰਿਆਣਾ ਅਤੇ ਪੰਜਾਬ ਵਿਚ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿਤੀ ਹੈ। ਇਸ ਦਾ ਸੱਭ ਤੋਂ ਵੱਡਾ ਅਸਰ ਚੰਡੀਗੜ੍ਹ ਹਵਾਈ ਅੱਡੇ 'ਤੇ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਅਸਮਾਨ 'ਤੇ ਛਾਈ ਧੂੜ ਕਾਰਨ ਕਈ ਹਵਾਈ ਜਹਾਜ਼ ਨਹੀਂ ਉਡ ਸਕੇ। 

ਜਾਣਕਾਰੀ ਅਨੁਸਾਰ ਸ਼ੁਕਰਵਾਰ ਨੂੰ ਚੰਡੀਗੜ੍ਹ ਏਅਰਪੋਰਟ 'ਤੇ 26 ਉਡਾਨਾਂ ਰੱਦ ਕਰ ਦਿਤੀਆਂ ਗਈਆਂ ਹਨ। ਸਿਰਫ਼ ਤਿੰਨ ਜਹਾਜ਼ਾਂ ਹੀ ਏਅਰਪੋਰਟ ਤੋਂ ਉਡਾਨ ਭਰ ਸਕੇ। ਵੀਰਵਾਰ ਨੂੰ ਵੀ ਇਥੋਂ ਜਹਾਜ਼ਾਂ ਦੀ ਆਵਾਜਾਈ ਨਹੀਂ ਹੋ ਸਕੀ ਸੀ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ੁਕਰਵਾਰ ਰਾਤ ਚੰਡੀਗੜ੍ਹ ਵਿਚ ਬਾਰਸ਼ ਪੈਣ ਦੀ ਸੰਭਾਵਨਾ ਹੈ। ਬਾਰਸ਼ ਪੈਣ ਨਾਲ ਧੂੜ ਹੇਠਾਂ ਜ਼ਮੀਨ 'ਤੇ ਆ ਜਾਵੇਗੀ। ਇਸ ਦੇ ਨਾਲ ਹੀ ਦਿੱਲੀ 'ਚ ਅਸਮਾਨ ਵਿਚ ਸ਼ੁੱਕਰਵਾਰ ਨੂੰ ਵੀ ਧੂੜ ਛਾਈ ਰਹੀ। ਲੋਕਾਂ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਆ ਰਹੀ ਹੈ। ਪ੍ਰਦੂਸ਼ਣ ਨੂੰ ਵੇਖਦੇ ਹੋਏ ਹਰਿਆਣਾ ਅਤੇ ਦਿੱਲੀ ਸਰਕਾਰ ਨੇ ਸਾਰੇ ਉਸਾਰੀ ਕੰਮਾਂ 'ਤੇ ਰੋਕ ਲਗਾ ਦਿਤੀ ਹੈ। 

ਦੁਬਈ ਜਾਣ ਵਾਲੇ ਮੁਸਾਫ਼ਰਾਂ ਨੂੰ ਦਿੱਲੀ ਭੇਜਿਆ :  ਜਾਣਕਾਰੀ ਮੁਤਾਬਕ, ਚੰਡੀਗੜ੍ਹ ਏਅਰਪੋਰਟ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ੁੱਕਰਵਾਰ ਨੂੰ ਉਡਾਨਾਂ ਰੱਦ ਹੋਣ ਤੋਂ ਬਾਅਦ ਦੁਬਈ ਜਾਣ ਵਾਲੇ ਮੁਸਾਫ਼ਰਾਂ ਨੂੰ ਬੱਸ ਰਾਹੀਂ ਦਿੱਲੀ ਭੇਜਿਆ ਗਿਆ ਹੈ ਤਾਕਿ ਉਹ ਇੰਦਰਾ ਗਾਂਧੀ ਏਅਰਪੋਰਟ ਤੋਂ ਰਵਾਨਾ ਹੋ ਸਕਣ। ਦੂਜੇ ਦਿਨ ਸਿਰਫ਼ ਤਿੰਨ ਜਹਾਜ਼ਾਂ ਨੇ ਹੀ ਇਥੋਂ ਉਡਾਨ ਭਰੀ ਜਿਸ ਵਿਚ ਦਿੱਲੀ-ਚੰਡੀਗੜ੍ਹ-ਦਿੱਲੀ, ਕੁੱਲੂ-ਚੰਡੀਗੜ੍ਹ-ਕੁੱਲੂ ਅਤੇ ਚੰਡੀਗੜ੍ਹ-ਦਿੱਲੀ-ਬੈਂਕਾਕ ਦੀ ਉਡਾਨ ਸ਼ਾਮਲ ਹੈ।

ਮੌਸਮ ਵਿਭਾਗ ਮੁਤਾਬਕ ਪਾਕਿਸਤਾਨ ਅਤੇ ਰਾਜਸਥਾਨ ਵਿਚ ਕਈ ਦਿਨਾਂ ਤੋਂ ਬਾਰਸ਼ ਨਹੀਂ ਹੋਈ। ਗਰਮ ਹਵਾਵਾਂ ਦੇ ਨਾਲ ਰੇਗਿਸਤਾਨ ਦੀ ਰੇਤ ਅਤੇ ਧੂੜ ਦੇ ਕਣ ਉਤਰ ਭਾਰਤ ਦੇ ਵਾਤਾਵਰਣ ਵਿਚ ਘੁਲ ਗਏ ਹਨ। ਪਹਿਲਾਂ ਧੂੜ ਦਾ ਗੁਬਾਰ ਹਵਾ ਮੰਡਲ ਵਿਚ 7 ਤੋਂ 8 ਹਜ਼ਾਰ ਫ਼ੁਟ 'ਤੇ ਸੀ ਪਰ ਬਾਅਦ ਵਿਚ ਕਣ ਹੇਠਾਂ ਆ ਗਏ। ਇਸ ਦੇ ਨਾਲ ਹੀ ਹਰਿਆਣਾ,  ਪੰਜਾਬ, ਦਿੱਲੀ, ਚੰਡੀਗੜ੍ਹ ਅਤੇ ਉਤਰ ਪ੍ਰਦੇਸ਼ ਵਿਚ ਧੂੜ ਦਾ ਗੁਬਾਰ ਬਣਿਆ ਹੋਇਆ ਹੈ। ਇਸ ਦੇ ਚਲਦੇ ਲੋਕਾਂ ਨੂੰ ਕਾਫ਼ੀ ਗਰਮੀ ਅਤੇ ਹੁਮਸ ਝੱਲਣੀ ਪੈ ਰਹੀ ਹੈ।

ਮੋਹਾਲੀ ਦੇ ਅੰਤਰਰਾਸ਼ਟਰੀ ਏਅਰਪੋਰਟ  ਤੋਂ ਅੱਜ ਦੂਜੇ ਦਿਨ ਵੀ ਵਾਤਾਵਰਨ ਵਿਚ ਭਾਰੀ ਧੂੜ ਅਤੇ ਮਿੱਟੀ ਕਾਰਨ 27 ਉਡਾਨਾਂ ਰੱਦ ਕਰ ਦਿਤੀਆਂ ਗਈਆਂ। ਇਸ ਦੌਰਾਨ ਅੱਜ ਏਅਰਪੋਰਟ ਤੋਂ ਦੋ ਘਰੇਲੂ ਅਤੇ ਇਕ ਅੰਤਰਰਾਸ਼ਟਰੀ ਫ਼ਲਾਈਟ ਨੇ ਉਡਾਣ ਭਰੀ। ਅੰਤਰਰਾਸ਼ਟਰੀ ਫ਼ਲਾਈਟ ਵੀ ਦਿੱਲੀ ਰਾਹੀਂ ਗਈ ਅਤੇ ਦਿੱਲੀ ਵਿਚ ਯਾਤਰੀਆਂ ਨੂੰ ਹੋਰ ਜਹਾਜ਼ ਵਿਚ ਤਬਦੀਲ ਕੀਤਾ ਗਿਆ।

ਜਾਣਕਾਰੀ ਅਨੁਸਾਰ ਸਪਾਈਸ ਜੈਟ ਦੀ ਫ਼ਲਾਈਟ ਨੰ: ਐਸ.ਜੀ. 2834 ਸਮੇਂ ਸਿਰ ਦਿੱਲੀ ਲਈ ਰਵਾਨਾ ਹੋਈ ਜਦਕਿ ਏਅਰ ਇੰਡੀਆ ਦੀ ਫ਼ਲਾਈਨ ਨੰ: 9 ਆਈ 807/808 ਕੁੱਲੂ ਵਾਸਤੇ 32 ਮਿੰਟ ਦੀ ਦੇਰੀ ਨਾਲ ਉੱਡੀ। ਏਅਰ ਇੰਡੀਆ ਦੀ ਬੈਂਗਕਾਕ ਜਾਣ ਵਾਲੀ ਉਡਾਣ ਦੁਪਹਿਰ 3 ਵਜੇ ਦਿੱਲੀ ਵਾਸਤੇ ਉੱਡੀ।
ਅੱਜ ਵੀ ਏਅਰਪੋਰਟ 'ਤੇ ਕਈ ਯਾਤਰੀ ਪ੍ਰੇਸ਼ਾਨੀ ਦੇ ਆਲਮ ਵਿਚ ਅਪਣੀਆਂ ਟਿਕਟਾਂ ਦੇ ਪੈਸੇ ਵਾਪਸ ਲੈਂਦੇ ਹੋਏ ਦਿਖਾਈ ਦਿਤੇ।

ਯਾਤਰੀਆਂ ਦਾ ਕਹਿਣਾ ਸੀ ਕਿ ਸਵੇਰੇ ਤਕ ਵੈਬਸਾਈਟ ਉਤੇ ਫਲਾਈਟ ਦਾ ਸਮਾਂ ਬਿਲਕੁਲ ਠੀਕ ਦਿਤਾ ਗਿਆ ਸੀ। ਜਦੋਂ ਉਹ ਇੱਥੇ ਪੁੱਜੇ ਤਾਂ ਪਤਾ ਲੱਗਿਆ ਕਿ ਸਾਰੀਆਂ ਫ਼ਲਾਈਟਾਂ ਰੱਦ ਕਰ ਦਿਤੀਆਂ ਗਈਆਂ ਹਨ। ਅਜਿਹੇ ਕਈ ਯਾਤਰੀ ਸੜਕੀ ਯਾਤਰਾ ਰਾਹੀਂ ਦਿੱਲੀ ਨੂੰ ਰਵਾਨਾ ਹੋਏ।