ਅੱਗ ਪੀੜਤ ਦੁਕਾਨਦਾਰਾਂ ਦੇ ਮੁੜ ਬਸੇਰੇ ਲਈ ਸਬਜ਼ੀ ਮੰਡੀ ਕੋਲ ਬਣਾਈ ਜਾਵੇਗੀ ਬੂਥ ਮਾਰਕੀਟ : ਰਾਣਾ.ਕੇ.ਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀੜਤ ਦੁਕਾਨਦਾਰਾਂ ਨੂੰ ਯੋਗ ਸਹਾਇਤਾ ਦਿੱਤੀ ਜਾਵੇਗੀ 

Pic

ਸ੍ਰੀ ਅਨੰਦਪੁਰ ਸਾਹਿਬ : ਹਲਕੇ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਨੇੜੇ ਅੱਗ ਪੀੜਤ ਦੁਕਾਨਦਾਰਾਂ ਦੇ ਮੁੜ ਵਸੇਵੇਂ ਲਈ ਬੱਸ ਅੱਡੇ ਦੇ ਨਜ਼ਦੀਕ ਸਬਜ਼ੀ ਮੰਡੀ ਕੋਲ ਪੱਕੀ ਬੂਥ ਮਾਰਕੀਟ ਨਗਰ ਕੌਂਸਲ ਵਲੋਂ ਵਿਕਸਿਤ ਕੀਤੀ ਜਾਵੇਗੀ ਤਾਂ ਜੋ ਪੀੜਤ ਦੁਕਾਨਦਾਰਾਂ ਦੇ ਨੁਕਸਾਨ ਦੀ ਯੋਗ ਭਰਪਾਈ ਹੋ ਸਕੇ।

ਦੱਸਣਯੋਗ ਹੈ ਕਿ ਇਹ ਐਲਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਮਿਲੇ ਪੀੜਤ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਕੀਤਾ। ਰਾਣਾ. ਕੇ.ਪੀ. ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਦੀ ਚਲਾਈ ਜਾ ਰਹੀ ਮੁਹਿੰਮ ਦੌਰਾਨ ਜਿੱਥੇ ਕਿਸੇ ਨੂੰ ਵੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਉੱਥੇ ਹੀ ਪੀੜਤ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।

ਰਾਣਾ ਨੇ ਕਿਹਾ ਕਿ ਇਸ ਬੂਥ ਮਾਰਕੀਟ ਦੇ ਬਣਨ ਨਾਲ ਕੱਚੇ ਦੁਕਾਨਦਾਰਾਂ ਦੀ ਖੱਜਲ-ਖੁਆਰੀ ਪੱਕੇ ਤੌਰ 'ਤੇ ਖ਼ਤਮ ਹੋ ਜਾਵੇਗੀ ਅਤੇ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰ ਕਰਨ ਲਈ ਯੋਗ ਥਾਂ ਮਿਲ ਜਾਵੇਗੀ। ਰਾਣਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕੱਚੀ ਫੜੀਆਂ ਵਾਲਿਆਂ ਨੂੰ ਸਰਕਾਰ ਵੱਲੋਂ ਪੱਕੇ ਬੂਥ ਬਣਾ ਕੇ ਦਿੱਤੇ ਜਾਣਗੇ, ਉੱਥੇ ਹੀ ਅੱਗ ਪੀੜਤਾਂ ਤੋਂ ਬੂਥ ਲਈ ਕੋਈ ਵੀ ਸੁਰੱਖਿਆ ਰਾਸ਼ੀ ਨਹੀਂ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਕੱਲ ਅਜਾਇਬ ਘਰ ਨੇ ਨਾਲ ਵਾਲੇ ਦੁਕਾਨਦਾਰਾਂ ਵਲੋਂ ਉਸ ਜਗਾ 'ਤੇ ਦੁਬਾਰਾ ਟੀਨਾਂ ਪਾ ਕੇ ਬਣਾਇਆ ਜਾ ਰਿਹਾ ਸੀ, ਨੂੰ ਸਥਾਨਕ ਨਗਰ ਕੌਸ਼ਲ ਅਧਿਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਢਾਹ ਦਿੱਤਾ ਸੀ। ਦੁਕਾਨਦਾਰਾਂ ਵਲੋਂ ਭਾਰੀ ਵਿਰੋਧ ਕਰਨ ਕਰ ਕੇ ਆਪਸੀ ਖਿਚੋਤਾਣ ਬਣੀ ਹੋਈ ਸੀ। ਅੱਜ ਦੁਕਾਨਦਾਰਾਂ ਵਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੀਟਿੰਗ ਕਰ ਕੇ ਮੰਗਾਂ ਰੱਖੀਆਂ ਗਈਆ ਸਨ, ਜਿਨ੍ਹਾਂ ਨੂੰ ਬੂਥ ਬਣਾ ਕੇ ਘੱਟ ਕਿਰਾਏ 'ਤੇ ਦਿੱਤੇ ਜਾਣਗੇ।