ਕੇਂਦਰ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾਂਦੀ ਰਹੀ ਹੈ ਵਿਤਕਰੇਬਾਜ਼ੀ: ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਦੇ ਜਥੇਦਾਰ ਨੇ ਖ਼ਾਲਿਸਤਾਨ ਮੰਗ ਵਾਲੇ ਬਿਆਨ 'ਤੇ ਸਥਿਤੀ ਕੀਤੀ ਸਪਸ਼ਟ , ਪੰਜਾਬ ਖ਼ਿੱਤੇ ਅੰਦਰ ਜਮਹੂਰੀ ਢਾਂਚੇ ਅੰਦਰ ਇਕ ਰਾਜਸੀ ਲਹਿਰ ਸਿਰਜਣ ਦੀ ਲੋੜ

Giani Harpreet Singh

ਅੰਮ੍ਰਿਤਸਰ, 15 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ 6 ਜੂਨ ਨੂੰ ਮਨਾਏ ਗਏ ਘੱਲੂਘਾਰਾ ਦਿਵਸ ਮੀਡੀਆ ਨੂੰ ਖ਼ਾਲਿਸਤਾਨ ਦੀ ਮੰਗ ਦੇ ਹੱਕ ਵਿਚ ਦਿਤੇ  ਤਿੱਖੇ ਬਿਆਨ ਉਪਰੰਤ ਕੌਮਾਂਤਰੀ, ਕੌਮੀ, ਪੰਜਾਬ ਅਤੇ ਸਿੱਖ ਕੌਮ 'ਚ ਛਿੜੇ ਵਿਵਾਦ ਬਾਅਦ ਸਥਿਤੀ ਸਪਸ਼ਟ ਸਿੱਧੇ-ਅਸਿੱਧੇ ਢੰਗ ਨਾਲ ਕੀਤੀ ਹੈ।

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਬਿਆਨ ਅਨੁਸਾਰ ਕੇਂਦਰ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜ਼ਾਦੀ ਉਪਰੰਤ ਕੀਤੇ ਗਏ ਵਿਸ਼ਵਾਸਘਾਤ ਤੋਂ ਬਾਅਦ ਸੁਹਿਰਦ ਸਿੱਖ ਆਗੂਆਂ ਨੇ ਦੇਸ਼ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਹਲੇਮੀ ਰਾਜ ਦੇ ਸੰਕਲਪ ਨੂੰ ਤਰਜੀਹ ਦਿਤੀ। ਇਹ ਸਿੱਖਾਂ ਅੰਦਰ ਪੈਦਾ ਹੋਇਆ ਆਪ ਮੁਹਾਰਾ ਸੰਘਰਸ਼ ਜਾਂ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਅ ਨਹੀਂ ਸੀ ਬਲਕਿ ਸਰਕਾਰੀ ਧੱਕੇਸ਼ਾਹੀਆਂ ਦਾ ਪ੍ਰਤੀਕ੍ਰਮ ਸੀ।

ਜੇਕਰ ਪੰਜਾਬ ਨੇ ਏਨਾ ਲੰਮਾ ਸਮਾਂ ਸੰਤਾਪ ਹੰਢਾਇਆ ਹੈ ਤਾਂ ਅਤਿਵਾਦ ਦੇ ਨਾਮ ਹੇਠ ਹਕੂਮਤੀ ਜਬਰ ਦੁਆਰਾ ਕੀਤਾ ਗਿਆ ਸਿੱਖਾਂ ਦਾ ਨਸਲਘਾਤ ਇਸ ਦਾ ਪ੍ਰਮੁੱਖ ਜ਼ਿੰਮੇਵਾਰ ਹੈ। 'ਜਥੇਦਾਰ' ਨੇ ਕਿਹਾ ਕਿ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਸ ਦੇ ਬੁਢਾਪੇ ਦੇ ਸਹਾਰੇ ਨੂੰ ਨਕਲੀ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕਰ ਕੇ, ਉਸ ਦੀ ਲਾਸ਼ ਤਕ ਨਾ ਦਿੱਤੀ ਜਾਵੇ ਅਤੇ ਅਣਪਛਾਤਾ ਅਤਿਵਾਦੀ ਕਹਿ ਕੇ ਸਮੇਂ ਦੀ ਧੂੜ ਵਿਚ ਦਫਨ ਕਰ ਦਿਤਾ ਜਾਵੇ। ਗੁਰਬਾਣੀ ਦੁਆਰਾ ਦਿਤੇ ਸੰਕਲਪ ਅਨੁਸਾਰ ਬੇਗ਼ਮਪੁਰਾ ਜਾਂ ਹਲੇਮੀ ਰਾਜ ਸਿੱਖ ਕੌਮ ਦਾ ਜਨਮ ਸਿੱਧ ਅਧਿਕਾਰ ਹੈ।

ਗਿ. ਹਰਪ੍ਰੀਤ ਸਿੰਘ ਮੁਤਾਬਕ ਮੇਰੀ ਸਿੱਖ ਨੌਜਵਾਨੀ ਨੂੰ  ਅਪੀਲ ਹੈ ਕਿ ਉਹ ਅਜਿਹਾ ਰਾਜਨੀਤਕ ਮੁਹਾਜ ਸਿਰਜਣ ਜਿਸ ਨਾਲ ਪੰਜਾਬ ਨੂੰ ਹਕੂਮਤੀ ਜਬਰ, ਸਰਕਾਰੀ ਸਾਜ਼ਸ਼ਾਂ ਅਤੇ ਨੌਜਵਾਨੀ ਨੂੰ ਗੁਮਰਾਹ ਕਰ ਕੇ ਉਨ੍ਹਾਂ ਦਾ ਕਤਲੇਆਮ ਕਰਵਾਉਣ ਦੀ ਸਾਜ਼ਸ਼ ਰਚ ਰਹੀਆਂ ਤਾਕਤਾਂ ਤੋਂ ਬਚਾਇਆ ਜਾ ਸਕੇ।
'ਜਥੇਦਾਰ' ਅਨੁਸਾਰ ਇਹ ਠੀਕ ਹੈ ਕਿ ਭਾਰਤ ਵਿਚ ਹੋਰ ਲੋਕਾਂ ਨਾਲ ਵੀ ਪੱਖਪਾਤ ਹੋ ਰਿਹਾ ਹੈ ਕੀ ਸਿੱਖਾਂ ਦਾ ਵੱਡਾ ਗੁਨਾਹ ਇਹੀ ਹੈ ਕਿ ਉਹ  ਧੱਕੇ ਬਾਰੇ ਸਿਆਸੀ ਤੌਰ 'ਤੇ ਚੇਤਨ ਹਨ।

ਇਹ ਗੱਲ ਠੀਕ ਹੈ ਕਿ ਸਿੱਖਾਂ ਨੂੰ ਸਿਰਫ਼ ਅਤੇ ਸਿਰਫ਼ ਖ਼ਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਹੈ ਜਿਸ ਨੇ ਦੁਨੀਆਂ ਵਿਚ ਠੰਢ ਵਰਤਾਉਣੀ ਹੈ। 'ਜਥੇਦਾਰ' ਨੇ ਸਪਸ਼ਟ ਕੀਤਾ ਕਿ  ਅਸਲ ਵਿਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ਼ ਹੋਈ ਹੈ ਜੋ ਸਿੱਖਾਂ ਨੂੰ ਸਿਰਫ਼ ਸਰਕਾਰੀ ਪ੍ਰੋਪੇਗੰਡਾ ਮਸ਼ੀਨਰੀ ਦੀ ਵਰਤੋਂ ਕਰ ਕੇ ਖ਼ਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਸਤਿ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਕੁੱਝ ਸਿੱਖ ਨੌਜਵਾਨੀ ਦੇ ਖ਼ੂਨ ਦੇ ਪਿਆਸੇ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਏ ਉਪਰ ਭੜਕਾ ਕੇ ਅਪਣੇ ਆਕਾਵਾਂ ਦੀ ਰਜਾਪੂਰਤੀ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।