ਜੀਂਦ ਟੋਲ ਪਲਾਜ਼ਾ 'ਤੇ ਜਾਰੀ ਧਰਨੇ ਵਿਚ ਕਿਸਾਨ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਜੀਂਦ ਟੋਲ ਪਲਾਜ਼ਾ 'ਤੇ ਜਾਰੀ ਧਰਨੇ ਵਿਚ ਕਿਸਾਨ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

image

ਜੀਂਦ, 16 ਜੂਨ : ਹਰਿਆਣਾ ਦੇ ਜੀਂਦ ਖਟਕੜ ਟੋਲ ਪਲਾਜ਼ਾ 'ਤੇ ਜਾਰੀ ਧਰਨੇ 'ਚ ਕਿਸਾਨ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ | ਸੂਚਨਾ ਮਿਲਣ 'ਤੇ ਉਚਾਨਾ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ | 
ਟੋਲ 'ਤੇ ਮੌਜੂਦ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ  ਰੱਦ ਨਹੀਂ ਕਰ ਰਹੀ, ਜਿਸ ਦੇ ਚਲਦੇ ਮਿ੍ਤਕ, ਸਰਕਾਰ ਦੇ ਇਸ ਰਵਈਏ ਤੋਂ ਦੁਖੀ ਸੀ | ਉਚਾਨਾ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦਸਿਆ ਕਿ ਕਿਸਾਨ ਦੇ ਪ੍ਰਵਾਰ ਨੂੰ  ਬੁਲਾਇਆ ਗਿਆ ਹੈ | ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ | ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੰਬੇ ਸਮੇਂ ਤੋਂ ਖਟਕੜ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ | ਜਾਣਕਾਰੀ ਮੁਤਾਬਕ ਪਿੰਡ ਖਟਕੜ ਵਾਸੀ ਪਾਲੇਰਾਮ (55) ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ | ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ 
ਪਾਲੇਰਾਮ ਕਾਫੀ ਸਮੇਂ ਤੋਂ ਨਹੀਂ ਉਠੇ | ਕਿਸਾਨ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਹ ਮਿ੍ਤਕ ਪਾਏ ਗਏ ਅਤੇ ਉਨ੍ਹਾਂ ਕੋਲ ਜ਼ਹਿਰੀਲੇ ਪਦਾਰਥ ਦੀ ਬੋਤਲ ਪਈ ਸੀ | ਮਿ੍ਤਕ ਪਾਲੇਰਾਮ ਅੰਦਲੋਨ ਕਰ ਰਹੇ ਕਿਸਾਨਾਂ ਦੀ ਸੇਵਾ ਵਿਚ ਪਿਛਲੇ 6 ਮਹੀਨੇ ਤੋਂ ਜੁਟੇ ਹੋਏ ਸਨ ਅਤੇ ਉਨ੍ਹਾਂ ਲਈ ਚਾਹ ਬਣਾਉਂਦੇ ਸਨ | 

ਕਿਸਾਨ ਆਗੂ ਸਤਬੀਰ ਪਹਿਲਵਾਨ ਨੇ ਕਿਹਾ ਕਿ ਕਿਸਾਨ ਪਾਲੇਮਾਰ ਇਸ ਗੱਲ ਤੋਂ ਨਾਰਾਜ਼ ਸਨ ਕਿ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਲਈ ਕੱੁਝ ਨਹੀਂ ਕਰ ਰਹੀ | ਇਸ ਨੂੰ  ਲੈ ਕੇ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਵੀ ਰਹਿੰਦੇ ਸਨ | ਉਨ੍ਹਾਂ ਨੇ ਦਸਿਆ ਕਿ ਕੁੱਝ ਕਿਸਾਨ ਸੋਮਵਾਰ ਨੂੰ  ਦਿੱਲੀ ਦੇ ਧਰਨੇ 'ਚ ਸ਼ਾਮਲ ਹੋਣ ਗਏ ਸਨ | ਜਦੋਂ ਉਨ੍ਹਾਂ ਨੇ ਵਾਪਸ ਆ ਕੇ ਸਰਕਾਰ ਦੇ ਕਿਸਾਨਾਂ ਪ੍ਰਤੀ ਰਵਈਏ ਬਾਰੇ ਦਸਿਆ ਤਾਂ ਪਾਲੇਰਾਮ ਹੋਰ ਪਰੇਸ਼ਾਨ ਹੋ ਗਏ | ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਮੰਗਲਵਾਰ ਰਾਤ ਨੂੰ  ਇਸੇ ਤਣਾਅ ਦੇ ਚਲਦੇ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ | ਸਤਬੀਰ ਨੇ ਦਸਿਆ ਕਿ ਕਿਸਾਨ ਲੱਗਭਗ 7 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ  ਰੱਦ ਕਰਨ ਲਈ ਕੱੁਝ ਨਹੀਂ ਕਰ ਰਹੀ |     (ਪੀਟੀਆਈ)