ਸਿੱਪੀ ਸਿੱਧੂ ਦੀ ਮਾਂ ਦਾ ਛਲਕਿਆ ਦਰਦ, ਕਿਹਾ- ਜੇ ਮੈਂ ਉਸ ਦਿਨ ਪੁੱਤ ਨੂੰ ਨਾ ਭੇਜਦੀ ਤਾਂ ਸ਼ਾਇਦ ਅੱਜ ਮੇਰੇ ਕੋਲ ਹੁੰਦਾ 

ਏਜੰਸੀ

ਖ਼ਬਰਾਂ, ਪੰਜਾਬ

ਦੀਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ  ਘਟਨਾ ਤੋਂ ਦੋ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ।

Sippy Sidhu's mother

 

ਚੰਡੀਗੜ੍ਹ - ਕੌਮੀ ਨਿਸ਼ਾਨੇਬਾਜ਼ ਸਿੱਪੀ ਸਿੱਧੂ ਦੇ ਕਤਲ ਦੇ ਸੱਤ ਸਾਲਾਂ ਬਾਅਦ ਮੁਲਜ਼ਮ ਕਲਿਆਣੀ ਸਿੰਘ ਨੂੰ ਬੀਤੇ ਦਿਨੀਂ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਸਿੱਪੀ ਦੀ ਮਾਂ ਦੀਪਿੰਦਰ ਕੌਰ ਨੇ ਕਿਹਾ ਕਿ ਉਹ ਪੁੱਤਰ ਦੇ ਕਾਤਲ ਕਲਿਆਣੀ ਨੂੰ ਮੌਤ ਦੀ ਸਜ਼ਾ ਨਹੀਂ ਚਾਹੁੰਦੀ। ਉਹ ਚਾਹੁੰਦੀ ਹੈ ਕਿ ਕਲਿਆਣੀ ਆਪਣੀ ਮੌਤ ਤੱਕ ਜੇਲ੍ਹ ਵਿਚ ਰਹੇ। ਜਿਸ ਤਰ੍ਹਾਂ ਉਹ ਇੰਨੇ ਸਾਲਾਂ ਤੋਂ ਆਪਣੇ ਬੇਟੇ ਦੀ ਮੌਤ 'ਤੇ ਹੰਝੂ ਵਹਾ ਰਹੀ ਹੈ, ਉਸੇ ਤਰ੍ਹਾਂ ਕਲਿਆਣੀ ਦੀ ਮਾਂ (ਜਸਟਿਸ ਸਬੀਨਾ) ਵੀ ਦੁਖੀ ਹੋਵੇ। 

ਦੀਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ  ਘਟਨਾ ਤੋਂ ਦੋ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਕਲਿਆਣੀ ਉਸ ਨੂੰ ਮਿਲਣ ਲਈ ਸੈਕਟਰ 27 ਦੇ ਪਾਰਕ ਵਿਚ ਵਾਰ-ਵਾਰ ਫੋਨ ਕਰਦੀ ਰਹੀ। ਸਿੱਪੀ ਨੇ ਕਿਹਾ ਸੀ ਕਿ ਉਹ ਹਵਾਈ ਸਫਰ ਕਰ ਕੇ ਥੱਕ ਗਿਆ ਹੈ, ਸਿੱਪੀ ਨੇ ਆਪਣੀਆਂ ਲੱਤਾਂ ਵਿਚ ਦਰਦ ਦਾ ਵੀ ਜ਼ਿਕਰ ਵੀ ਕੀਤਾ ਸੀ। ਫਿਰ ਵੀ ਉਹ ਉਸ ਦੇ ਕਹਿਣ 'ਤੇ ਕਲਿਆਣੀ ਨੂੰ ਮਿਲਣ ਗਿਆ। 

ਸਿੱਪੀ ਦੀ ਮਾਂ ਨੇ ਕਿਹਾ ਕਿ ਕਾਸ਼ ਉਨ੍ਹਾਂ ਨੇ ਸਿੱਪੀ ਨੂੰ 20 ਸਤੰਬਰ ਨੂੰ ਨਾ ਭੇਜਿਆ ਹੁੰਦਾ ਤਾਂ ਸ਼ਾਇਦ ਉਹ ਮਾੜੀ ਘੜੀ ਟਲ ਜਾਂਦੀ। ਇਸ ਤੋਂ ਪਹਿਲਾਂ ਵੀ ਉਹ 19 ਸਤੰਬਰ ਨੂੰ ਕਲਿਆਣੀ ਨੂੰ ਮਿਲਣ ਸੈਕਟਰ 27 ਗਿਆ ਸੀ। ਕਲਿਆਣੀ ਉਸ ਨੂੰ ਅਣਜਾਣ ਨੰਬਰਾਂ ਤੋਂ ਫੋਨ ਕਰਦੀ ਸੀ। ਕਲਿਆਣੀ ਨੇ ਸਿੱਪੀ ਨੂੰ ਦੱਸਿਆ ਕਿ ਉਸ ਦੀ ਦੋਸਤ ਡਾਈਟੀਸ਼ੀਅਨ ਸੀ ਅਤੇ ਉਸ ਨੇ ਸੈਕਟਰ 27 ਵਿਚ ਕਲੀਨਿਕ ਖੋਲ੍ਹਿਆ ਹੋਇਆ ਸੀ। ਇਸ ਲਈ ਕਲਿਆਣੀ ਉਸ ਨੂੰ ਮਿਲਣ ਲਈ ਉੱਥੇ ਜਾਂਦੀ ਹੈ। 
ਸਿੱਪੀ ਸਿੱਧੂ ਦੀ ਮਾਂ ਨੇ ਦੱਸਿਆ ਕਿ ਕਲਿਆਣੀ ਅਕਸਰ ਸਿੱਪੀ ਨੂੰ ਧਮਕੀਆਂ ਦਿੰਦੀ ਸੀ ਕਿ ਉਹ ਉਸ ਨਾਲ ਵਿਆਹ ਕਦੋਂ ਕਰੇਗਾ।

ਦੀਪਿੰਦਰ ਕੌਰ ਨੇ ਕਿਹਾ ਕਿ ਜਦੋਂ ਉਹ ਸਿੱਪੀ ਨੂੰ ਕੁਝ ਕਹਿਣ ਲੱਗਦੀ ਸੀ ਤਾਂ ਸਿੱਪੀ ਮਨ੍ਹਾ ਕਰ ਦਿੰਦਾ ਸੀ ਕਿ ਉਹ ਡਿਪਰੈਸ਼ਨ ਵਿਚ ਹੈ। ਦੀਪਿੰਦਰ ਕੌਰ ਨੇ ਦੱਸਿਆ ਕਿ ਕਲਿਆਣੀ ਨੇ ਸਿੱਪੀ ਨੂੰ ਕਿਹਾ ਸੀ ਕਿ ਉਸ ਦਾ ਡਿਪਰੈਸ਼ਨ ਠੀਕ ਹੋ ਗਿਆ ਹੈ ਅਤੇ ਅੱਜ ਦੀ ਸਿਰਫ 'ਗੋਲੀ' ਹੀ ਰਹਿ ਗਈ ਹੈ। ਇਸ ਤੋਂ ਬਾਅਦ ਸਿੱਪੀ ਨੂੰ ਮਾਰ ਦਿੱਤਾ ਗਿਆ। ਸਿੱਪੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਲਿਆਣੀ ਕਿਸ ਗੋਲੀ ਦੀ ਗੱਲ ਕਰ ਰਹੀ ਹੈ। 

ਦੀਪਿੰਦਰ ਕੌਰ ਨੇ ਦੱਸਿਆ ਕਿ 20 ਸਤੰਬਰ ਦੀ ਰਾਤ ਨੂੰ ਜਦੋਂ ਸਿੱਪੀ ਵਾਪਸ ਨਹੀਂ ਪਰਤਿਆ ਤਾਂ ਉਹ ਬਹੁਤ ਘਬਰਾ ਗਈ। ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿਚ ਰਾਤ ਨੂੰ ਪਾਠ ਕਰਨ ਲਈ ਖੁਲ੍ਹਵਾਇਆ ਅਤੇ ਪੁੱਤਰ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਪੁੱਤਰ ਦੇ ਫੋਨ ਤੋਂ ਥਾਣਾ 26 ਦੀ ਐਸਐਚਓ ਪੂਨਮ ਦਿਲਾਵਰੀ ਨੂੰ ਫੋਨ ਆਇਆ ਅਤੇ ਦੱਸਿਆ ਕਿ ਸਿੱਪੀ ਦਾ ਐਕਸੀਡੈਂਟ ਹੋ ਗਿਆ ਹੈ। ਇਸ ਤੋਂ ਬਾਅਦ ਉਹ ਘਬਰਾ ਗਈ ਅਤੇ ਬਾਅਦ 'ਚ ਪਰਿਵਾਰ ਨੂੰ ਬੇਟੇ ਦੀ ਮੌਤ ਦੀ ਸੂਚਨਾ ਮਿਲੀ। ਸਿੱਪੀ ਦੇ ਸੰਸਕਾਰ ਦੌਰਾਨ ਅਤੇ ਬਾਅਦ ਵਿਚ ਕਲਿਆਣੀ ਅਤੇ ਉਸ ਦਾ ਪਰਿਵਾਰ ਵੀ ਸੋਗ ਵਿਚ ਆ ਗਿਆ ਪਰ ਦੀਪਿੰਦਰ ਕੌਰ ਦੀ ਹਾਲਤ ਉਸ ਸਮੇਂ ਠੀਕ ਨਹੀਂ ਸੀ।

ਸਿੱਪੀ ਸਿੱਧੂ ਦੀ ਮਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਕਲਿਆਣੀ ਹੀ ਮੌਕੇ 'ਤੇ ਮੌਜੂਦ ਸੀ। ਪੁਲਿਸ ਨੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਇਸ ਮਾਮਲੇ 'ਚ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਸਿੱਪੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਹਾਈ ਕੋਰਟ ਦੇ ਜੱਜ ਦੀ ਬੇਟੀ ਦੇ ਸਾਹਮਣੇ ਬੇਵੱਸ ਨਜ਼ਰ ਆਈ। ਅਜਿਹਾ ਲੱਗ ਰਿਹਾ ਸੀ ਕਿ ਪੁਲਿਸ ਖੁਦ ਮਾਮਲੇ ਦੀ ਜਾਂਚ ਤੋਂ ਬਚਣਾ ਚਾਹੁੰਦੀ ਹੈ।