10 ਗ੍ਰਾਮ ਹੈਰੋਇਨ ਸਮੇਤ ਔਰਤ ਗ੍ਰਿਫ਼ਤਾਰ, ਸਾਰਾ ਪਰਿਵਾਰ ਹੀ ਤਸਕਰੀ ਵਿਚ ਸ਼ਾਮਲ 

ਏਜੰਸੀ

ਖ਼ਬਰਾਂ, ਪੰਜਾਬ

ਉਕਤ ਔਰਤ ਨਿਊ ਪੰਜਾਬੀ ਬਾਗ ਕਲੋਨੀ ਦੀ ਰਹਿਣ ਵਾਲੀ ਹੈ।

Woman arrested with 10 grams of heroin

 

ਲੁਧਿਆਣਾ  : ਥਾਣਾ ਟਿੱਬਾ ਦੀ ਪੁਲਿਸ ਨੇ ਇਕ ਔਰਤ ਨੂੰ ਨਸ਼ਾ ਵੇਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ, ਔਰਤ ਦੀ ਸੱਸ, ਸਹੁਰਾ, ਪਤੀ ਸਮੇਤ ਸਾਰਾ ਪਰਿਵਾਰ ਹੀ ਤਸਕਰੀ  ਵਿਚ ਸ਼ਾਮਲ ਹੈ। ਉਕਤ ਔਰਤ ਨਿਊ ਪੰਜਾਬੀ ਬਾਗ ਕਲੋਨੀ ਦੀ ਰਹਿਣ ਵਾਲੀ ਹੈ। ਔਰਤ ਤੋਂ 10 ਗ੍ਰਾਮ ਹੈਰੋਇਨ ਫੜੀ ਗਈ ਹੈ। ਇਸ ਤੋਂ ਇਲਾਵਾ ਇਕ ਹੋਰ ਕੇਸ ’ਚ ਪੁਲਿਸ ਨੇ ਕੁਲਦੀਪ ਨਗਰ ਦੇ ਜਸਵਿੰਦਰ ਕੁਮਾਰ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੋਵੇਂ ਹੀ ਮਾਮਲਿਆਂ ’ਚ ਥਾਣਾ ਟਿੱਬਾ ਦੀ ਪੁਲਸ ਨੇ ਮੁਲਜ਼ਮਾਂ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। 

ਇਸ ਮਾਮਲੇ ਬਾਰੇ ਐੱਸ. ਐੱਚ. ਓ. ਰਣਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਨਿਊ ਪੰਜਾਬੀ ਬਾਗ ਕਾਲੋਨੀ ’ਚ ਗਸ਼ਤ ’ਤੇ ਮੌਜੂਦ ਸਨ। ਇਸ ਦੌਰਾਨ ਉਕਤ ਔਰਤ ਪੁਲਿਸ ਨੂੰ ਦੇਖ ਕੇ ਇਕ ਦਮ ਘਬਰਾ ਗਈ ਤੇ ਉਥੋਂ ਭੱਜਣ ਲੱਗੀ। ਸ਼ੱਕ ਹੋਣ ’ਤੇ ਮਹਿਲਾ ਪੁਲਿਸ ਮੁਲਾਜ਼ਮ ਦੀ ਮਦਦ ਨਾਲ ਔਰਤ ਨੂੰ ਰੋਕਿਆ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ ਨਸ਼ਾ ਸਮੱਗਲਰ ਵਿੰਗੀ ਧੌਣ ਦੀ ਨੂੰਹ ਸ਼ਮ੍ਹਾ ਹੈ। ਉਸ ਦਾ ਸਾਰਾ ਪਰਿਵਾਰ ਹੀ ਨਸ਼ਾ ਸਮਗਲਿੰਗ ਵਿਚ ਸ਼ਾਮਲ ਹੈ। ਉਸ ਦੇ ਸਹੁਰਾ, ਵਿੰਗੀ ਧੌਣ ਖ਼ਿਲਾਫ ਲੁਧਿਆਣਾ ਸ਼ਹਿਰ ’ਚ ਡੇਢ ਦਰਜਨ ਦੇ ਕਰੀਬ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਜਦੋਂਕਿ ਉਸ ਦੀ ਸੱਸ ਅਤੇ ਪਤੀ ’ਤੇ ਵੀ ਕਈ ਕੇਸ ਦਰਜ ਹਨ।

ਇਸ ਤੋਂ ਇਲਾਵਾ ਸ਼ਮ੍ਹਾ ’ਤੇ ਵੀ ਪਹਿਲਾਂ ਦੋ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਦਰਜ ਹਨ। ਨਸ਼ਾ ਸਮੱਗਲਿੰਗ ਵਿਚ ਇਨ੍ਹਾਂ ਦਾ ਪਰਿਵਾਰ ਕਾਫੀ ਅੱਗੇ ਹੈ, ਜੋ ਕਈ ਵਾਰ ਜੇਲ ਜਾ ਚੁੱਕੇ ਹਨ ਪਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹ ਪਰਿਵਾਰ ਫਿਰ ਨਸ਼ਾ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ। ਐੱਸ. ਐੱਚ. ਓ. ਰਣਬੀਰ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਹੀ ਦੂਜੇ ਮਾਮਲੇ ’ਚ ਏ. ਐੱਸ. ਆਈ. ਕਮਲਜੀਤ ਸਿੰਘ ਨੇ ਸੰਧੂ ਨਗਰ ਨਾਕਾਬੰਦੀ ਦੌਰਾਨ ਜਸਵਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ਤੋਂ 5 ਗ੍ਰਾਮ ਹੈਰੋਇਨ ਮਿਲੀ ਹੈ। ਮੁਲਜ਼ਮ ਖੁਦ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ਾ ਵੇਚਦਾ ਵੀ ਹੈ। ਪੁਲਿਸ ਹੋਰ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।