SGPC ਦੀ ਹੰਗਾਮੀ ਮੀਟਿੰਗ ਅੱਜ, ਜਥੇਦਾਰ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਤੋਂ ਹਟਾਉਣ ਦੀ ਚਰਚਾ

ਏਜੰਸੀ

ਖ਼ਬਰਾਂ, ਪੰਜਾਬ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਉਪਰ ਉਨ੍ਹਾਂ ਨੂੰ ਬਰਕਰਾਰ ਰਖਿਆ ਜਾਵੇਗਾ ਕਿਉਂਕਿ ਦੋਵੇਂ ਅਹੁਦਿਆਂ ਤੋਂ ਹਟਾਉਣ ਨਾਲ ਵੱਡਾ ਵਿਰੋਧ ਪੈਦਾ ਹੋ ਸਕਦਾ ਹੈ।

Giani Harpreet Singh

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਵਿੱਖ ਨੂੰ ਲੈ ਕੇ ਅੱਜ ਕੋਈ ਫ਼ੈਸਲਾ ਹੋ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦਿਨ ਰੱਖੀ ਗਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਵਿਚ ਜਥੇਦਾਰ ਨੂੰ ਅਕਾਲ ਤਖ਼ਤ ਦੇ ਅਹੁਦੇ ਤੋਂ ਲਾਂਭੇ ਕਰ ਕੇ ਫ਼ਾਰਗ ਕਰਨ ਦਾ ਫ਼ੈਸਲਾ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਉਪਰ ਉਨ੍ਹਾਂ ਨੂੰ ਬਰਕਰਾਰ ਰਖਿਆ ਜਾਵੇਗਾ ਕਿਉਂਕਿ ਦੋਵੇਂ ਅਹੁਦਿਆਂ ਤੋਂ ਹਟਾਉਣ ਨਾਲ ਵੱਡਾ ਵਿਰੋਧ ਪੈਦਾ ਹੋ ਸਕਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਦੇ ਨਿਯੁਕਤੀ ਲਈ ਵੀ ਕਈ ਨਾਵਾਂ ਉਪਰ ਵਿਚਾਰ ਹੋ ਰਹੀ ਹੈ ਅਤੇ ਇਸ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਨਾਂ ਅੱਗੇ ਚਲ ਰਿਹਾ ਹੈ। ਦਮਦਮੀ ਟਕਸਾਲ ਦੇ ਕਥਾਵਾਚਕ ਜੰਗਵੀਰ ਸਿੰਘ ਦੇ ਨਾਂ ਉਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ ਜੋ ਗਿਆਨੀ ਠਾਕੁਰ ਸਿੰਘ ਦੇ ਕਾਫ਼ੀ ਨੇੜੇ ਹਨ ਅਤੇ ਇਸ ਸਮੇਂ ਅਮਰੀਕਾ ਵਿਚ ਹਨ। 

ਜ਼ਿਕਰਯੋਗ ਹੈ ਕਿ ਪਿਛਲੀ ਮੀਟਿੰਗ ਵਿਚ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਰਾਘਵ ਚੱਢਾ ਦੇ ਵਿਆਹ ਪ੍ਰੋਗਰਾਮ ਵਿਚ ਸ਼ਾਮਲ ਹੋਣ ਬਾਅਦ ਪੈਦਾ ਹੋਏ ਵਿਵਾਦ ਦੇ ਚਲਦੇ ਉਨ੍ਹਾਂ ਨੂੰ ਲੈ ਕੇ ਚਰਚਾ ਹੋਣੀ ਸੀ ਪਰ ਕੋਈ ਫ਼ੈਸਲਾ ਨਹੀਂ ਸੀ ਹੋ ਸਕਿਆ ਅਤੇ ਪੰਥਕ ਹਲਕਿਆਂ ਵਿਚ ਵਿਰੋਧ ਦੇ ਡਰੋਂ ਫ਼ੈਸਲਾ ਟਾਲਦਿਆਂ ਜਥੇਦਾਰ ਦੀ ਨਿਯੁਕਤੀ ਦੇ ਸਬੰਧ ਵਿਚ ਵਿਚਾਰ ਲਈ ਇਕ ਕਮੇਟੀ ਬਣਾਈ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਉਸ ਸਮੇਂ ਕੋਈ ਜਥੇਦਾਰ ਦਾ ਅਹੁਦਾ ਸਵੀਕਾਰ ਕਰਨ ਲਈ ਵੀ ਤਿਆਰ ਨਹੀਂ ਸੀ। 

ਇਹ ਵੀ ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦੇ ਪ੍ਰੋਗਰਾਮ ਵਿਚ ਜਾਣ ਬਾਅਦ ਪੈਦਾ ਵਿਵਾਦ ਬਾਅਦ ਵੀ ਜਥੇਦਾਰ ਹਰਪ੍ਰੀਤ ਸਿੰਘ ਦੇ ਤੇਵਰ ਬਰਕਰਾਰ ਹਨ ਅਤੇ ਉਹ ਪਿਛਲੇ ਦਿਨਾਂ ਵਿਚ ਅਕਾਲੀ ਦਲ ਦੇ ਕੰਮਕਾਰਾਂ ਉਪਰ ਖੁਲ੍ਹੇਆਮ ਤਿੱਖੀ ਬਿਆਨਬਾਜ਼ੀ ਕਰ ਚੁੱਕੇ ਹਨ। ਉਨ੍ਹਾਂ ਨੂੰ ਚਲਦਾ ਕਰਨ ਤੇ ਵਿਚਾਰ ਹੋ ਰਹੀ ਹੈ।