Punjab News: ਸੁਖਬੀਰ ਬਾਦਲ ਦੀ ਲੀਡਰਸ਼ਿਪ ਉਤੇ ਭਰੋਸਾ ਪ੍ਰਗਟ ਕਰਨ ਦਾ ਕੋਈ ਮਤਾ ਪਾਸ ਨਹੀਂ ਹੋਇਆ!
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਰਾ ਭੇਤ ਖੋਲ੍ਹ ਦਿਤਾ
Punjab News: ਚੰਡੀਗੜ੍ਹ (ਭੁੱਲਰ): ਅਕਾਲੀ ਦਲ ਦੀ ਕੋਰ ਕਮੇਟੀ ਦੀ ਪਿਛਲੇ ਦਿਨ ਹੋਈ ਮੀਟਿੰਗ ਅੰਦਰ ਦੀਆਂ ਗੱਲਾਂ ਹੁਣ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅਕਾਲੀ ਦਲ ਵਲੋਂ 6 ਘੰਟੇ ਲਗਾਤਾਰ ਚੱਲੀ ਕੋਰ ਕਮੇਟੀ ਦੀ ਮੀਟਿੰਗ ਬਾਅਦ ਦੇਰ ਰਾਤ ਜਾਰੀ ਪ੍ਰੈਸ ਨੋਟ ਵਿਚ ਸੁਖਬੀਰ ਬਾਦਲ ਦੀ ਅਗਵਾਈ ਵਿਚ ਸਾਰੇ ਮੈਂਬਰਾਂ ਵਲੋਂ ਭਰੋਸਾ ਪ੍ਰਗਟ ਕਰਨ ਅਤੇ ਭਰਵੀਂ ਸ਼ਲਾਘਾ ਕਰਨ ਦੀ ਗੱਲ ਲਿਖੀ ਗਈ ਸੀ ਪਰ ਇਸ ਪ੍ਰੈਸ ਨੋਟ ਨੂੰ ਲੈ ਕੇ ਹੁਣ ਕੋਰ ਕਮੇਟੀ ਦੀ ਮੀਟਿੰਗ ਬਾਅਦ ਬਾਦਲ ਦਲ ਦਾ ਨਵਾਂ ਕਲੇਸ਼ ਸ਼ੁਰੂ ਹੋ ਗਿਆ ਹੈ।
ਇਸ ਪ੍ਰੈਸ ਨੋਟ ਉਪਰ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕਈ ਹੋਰ ਸੀਨੀਅਰ ਆਗੂਆਂ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਚੰਦੂਮਾਜਰਾ ਨੇ ਤਾਂ ਬੀਤੇ ਦਿਨ ਹੀ ਇਕ ਬਿਆਨ ਵਿਚ ਸਪੱਸ਼ਟ ਕਰ ਦਿਤਾ ਸੀ ਕਿ ਮੀਟਿੰਗ ਵਿਚ ਭਰੋਸਾ ਪ੍ਰਗਟ ਕਰਨ ਬਾਰੇ ਤਾਂ ਕੋਈ ਮਤਾ ਹੀ ਨਹੀਂ ਆਇਆ ਅਤੇ ਨਾ ਹੀ ਕੋਈ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਹੋਰ ਕਈ ਆਗੂਆਂ ਨਾਲ ਵੀ ਗੱਲਬਾਤ ਹੋਈ ਹੈ ਅਤੇ ਉਹ ਵੀ ਇਤਰਾਜ਼ ਪ੍ਰਗਟ ਕਰ ਰਹੇ ਹਨ ਕਿ ਜੋ ਗੱਲ ਮੀਟਿੰਗ ਵਿਚ ਨਹੀਂ ਹੋਈ ਤਾਂ ਉਸ ਬਾਰੇ ਪ੍ਰੈਸ ਨੋਟ ਕਿਸ ਨੇ ਜਾਰੀ ਕਰਵਾਇਆ?
ਚੰਦੂਮਾਜਰਾ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਸਿਰਫ਼ ਪਈਆਂ ਵੋਟਾਂ ਨੂੰ ਲੈ ਕੇ ਹੀ ਗੱਲਬਾਤ ਹੋਈ ਸੀ ਅਤੇ ਅੱਗੇ ਆਗੂਆਂ ਨੂੰ ਵੱਖ ਵੱਖ ਤੌਰ ’ਤੇ ਮਿਲਣ ਬਾਅਦ ਫਿਰ ਬਕਾਇਦਾ ਮੰਥਨ ਮੀਟਿੰਗ ਕਰਨ ਦਾ ਫ਼ੈਸਲਾ ਹੋਇਆ ਸੀ। ਪਤਾ ਲੱਗਾ ਹੈ ਕਿ ਇਹ ਪ੍ਰੈਸ ਨੋਟ ਹਰਚਰਨ ਬੈਂਸ ਨੇ ਤਿਆਰ ਕੀਤਾ ਹੈ। ਚੰਦੂਮਾਜਰਾ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਬਲਦੇਵ ਸਿੰਘ ਮਾਨ ਤੇ ਡਾ. ਦਲਜੀਤ ਸਿੰਘ ਚੀਮਾ ਆਦਿ ਨੇ ਵੀ ਪ੍ਰੈਸ ਨੋਟ ਬਾਰੇ ਇਤਰਾਜ਼ ਪ੍ਰਗਟ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਭਾਵੇਂ ਸੁਖਬੀਰ ਨੂੰ ਪ੍ਰਧਾਨਗੀ ਤੋਂ ਹਟਾਉਣ ਬਾਰੇ ਸਿੱਧੇ ਤੌਰ ’ਤੇ ਕੋਈ ਗੱਲ ਨਹੀਂ ਹੋਈ
ਪਰ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਗੱਲ ਹੋਈ ਹੈ। ਮੀਟਿੰਗ ਵਿਚ ਇਹ ਵੀ ਇਤਰਾਜ਼ ਉਠਿਆ ਕਿ ਪਾਰਟੀ ਦੋ ਤਿੰਨ ਆਗੂਆਂ ਦੀ ਹੀ ਬਣ ਕੇ ਰਹਿ ਗਈ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਬਿਨਾਂ ਕਿਸੇ ਨੋਟਿਸ ਬਰਖ਼ਾਸਤਗੀ ਅਤੇ ਅਜਿਹੀ ਹੀ ਤਰੀਕਿਆਂ ਨਾਲ ਹੋਰ ਆਗੂਆਂ ਵਿਰੁਧ ਕਾਰਵਾਈ ਦਾ ਮਾਮਲਾ ਵੀ ਮੀਟਿੰਗ ਵਿਚ ਉਠਿਆ।
ਇਹ ਵੀ ਪਤਾ ਲੱਗਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਵਿਰੁਧ ਕਾਰਵਾਈ ਦੀ ਵੀ ਅੰਦਰਖਾਤੇ ਤਿਆਰੀ ਸੀ ਪਰ ਪ੍ਰਮੁੱਖ ਆਗੂਆਂ ਦੇ ਰੁਖ਼ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਢੀਂਡਸਾ ਅਤੇ ਮਲੂਕਾ ਨੇ ਤਾਂ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਹੀ ਨਾ ਮਿਲਣ ਦੀ ਗੱਲ ਆਖੀ ਹੈ ਅਤੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵੀ ਇਸ ਬਾਰੇ ਸਪੱਸ਼ਟ ਨਹੀਂ ਕਰ ਸਕੇ। ਇਸ ਤੋਂ ਇਲਾਵਾ ਗਠਤ ਕੀਤੀ ਗਈ ਨਵੀਂ ਅਨੁਸ਼ਾਸਨੀ ਕਮੇਟੀ ਨੂੰ ਲੈ ਕੇ ਵੀ ਕਈ ਪ੍ਰਮੁੱਖ ਆਗੂਆਂ ਨੂੰ ਨਾਰਾਜ਼ਗੀ ਹੈ।
ਇਸ ਵਿਚ ਸਿਰਫ਼ ਬਾਦਲ ਪ੍ਰਵਾਰ ਦੇ ਵਫ਼ਾਦਾਰ ਆਗੂ ਹੀ ਸ਼ਾਮਲ ਕੀਤੇ ਹਨ ਅਤੇ ਦੂਜੇ ਗਰੁਪ ਵਿਚੋਂ ਕੋਈ ਵੀ ਪ੍ਰਮੁੱਖ ਆਗੂ ਨਹੀਂ ਲਿਆ ਗਿਆ। ਇਸ ਤੋਂ ਸਪੱਸ਼ਟ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਬਾਦਲ ਦਲ ਵਿਚ ਸੱਭ ਚੰਗਾ ਨਹੀਂ ਅਤੇ ਆਉਣ ਵਾਲੇ ਦਿਨਾਂ ਵਿਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਵਿਰੋਧੀ ਆਗੂ ਇਕਜੁਟ ਹੋ ਕੇ ਵੱਡੀ ਚੁਨੌਤੀ ਖੜੀ ਕਰ ਸਕਦੇ ਹਨ।