ਸੈਵਨ ਸਟਾਰ ਹੋਟਲ ਦੇ ਸੁਰੱਖਿਆ ਗਾਰਡ ਦੀ ਹਤਿਆ, ਦੋਵੇਂ ਮੁਲਜ਼ਮ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੇ ਅੰਮ੍ਰਿਤਸਰ ਰੋਡ 'ਤੇ ਸਥਿੱਤ ਸੈਵਨ ਸਟਾਰ ਹੋਟਲ ਦੇ ਸਕਿਉਰਿਟੀ ਗਾਰਡ ਸਾਬਕਾ ਫੌਜੀ ਹਰਜਿੰਦਰ ਸਿੰਘ (ਪੁੱਤਰ ਹਜ਼ਾਰਾ ਸਿੰਘ ਵਾਸੀ ਗਲੀ ਬਾਜੀਗਰਾਂ ....

Police Investigating Crime Scene

ਤਰਨਤਾਰਨ,  ਇਥੇ ਅੰਮ੍ਰਿਤਸਰ ਰੋਡ 'ਤੇ ਸਥਿੱਤ ਸੈਵਨ ਸਟਾਰ ਹੋਟਲ ਦੇ ਸਕਿਉਰਿਟੀ ਗਾਰਡ ਸਾਬਕਾ ਫੌਜੀ ਹਰਜਿੰਦਰ ਸਿੰਘ (ਪੁੱਤਰ ਹਜ਼ਾਰਾ ਸਿੰਘ ਵਾਸੀ ਗਲੀ ਬਾਜੀਗਰਾਂ ਵਾਲੀ, ਮੁਹੱਲਾ ਨਾਨਕਸਰ) ਦੀ ਬੀਤੀ ਅੱਧੀ ਰਾਤ ਬਾਅਦ ਹੱਤਿਆ ਕਰ ਦਿੱਤੀ ਗਈ ਹੈ। ਹੋਟਲ ਦੇ ਨਵੇਂ ਮੁਲਾਜ਼ਮਾਂ ਰਜਨੀਸ਼ ਅਤੇ ਗੁਲਸ਼ਨ ਵਾਸੀ ਬਿਹਾਰ, ਜਿਨ੍ਹਾਂ 'ਚੋਂ ਇਕ ਹੋਟਲ ਦੇ ਮੈਨੇਜਰ ਉਮੇਸ਼ ਕੁਮਾਰ ਦਾ ਭਤੀਜਾ ਦੱਸਿਆ ਜਾ ਰਿਹਾ ਹ,ੈ ਵੱਲੋਂ ਇਹ ਹੱਤਿਆ ਕੀਤੇ ਜਾਣ ਦਾ ਦੋਸ਼ ਹੈ। ਦੋਵੇਂ ਘਟਨਾ ਬਾਅਦ ਹੋਟਲ ਦੇ ਮਾਲਕ ਦੀ ਗੱਡੀ ਲੈ ਕੇ ਫਰਾਰ ਹੋ ਗਏ।

ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ ਰਜਨੀਸ਼ ਅਤੇ ਗੁਲਸ਼ਨ ਦੇ ਵਿਰੁਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁੱਛਗਿੱਛ ਵਾਸਤੇ ਹੋਟਲ ਦੇ ਮੈਨੇਜਰ ਉਮੇਸ਼ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੇ 20 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਮ੍ਰਿਤਕ ਦੀ ਪਤਨੀ ਮਨਜੀਤ ਕੌਰ ਅਤੇ ਭੈਣ ਦੇਵਾ ਅਮਰਜੀਤ ਕੌਰ ਨੇ ਦੱਸਿਆ ਕਿ  ਹਰਜਿੰਦਰ ਸਿੰਘ ਪਿਛਲੇ 10 ਸਾਲ ਤੋਂ ਹੋਟਲ ਵਿਚ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਸੀ।  

ਉਹ ਬੀਤੀ ਰਾਤ ਆਮ ਵਾਂਗ ਘਰ ਤੋਂ ਤਿਆਰ ਹੋ ਕੇ ਅਪਣੀ ਡਿਊਟੀ 'ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਹੋਟਲ ਦੇ ਮੈਨੇਜਰ ਉਮੇਸ਼ ਕੁਮਾਰ, ਜੋ ਬਿਹਾਰ ਦਾ ਵਸਨੀਕ ਹੈ ਅਤੇ ਪਿਛਲੇ ਕਰੀਬ 20 ਸਾਲ ਤੋਂ ਹੋਟਲ ਵਿਚ ਮੈਨੇਜਰ ਵਜੋਂ ਨੌਕਰੀ ਕਰਦਾ ਹੈ, ਨੇ ਕਰੀਬ 3 ਮਹੀਨੇ ਪਹਿਲਾਂ ਬਿਹਾਰ ਦੇ ਵਸਨੀਕ ਰਜਨੀਸ਼ ਕੁਮਾਰ ਨੂੰ ਹੋਟਲ ਵਿਚ ਬਤੌਰ ਮੁਲਾਜ਼ਮ ਭਰਤੀ ਕੀਤਾ ਸੀ। ਵੀਹ ਕੁ ਦਿਨ ਪਹਿਲਾਂ ਹੀ ਇਸ ਮੈਨੇਜਰ ਨੇ ਗੁਲਸ਼ਨ ਨਾਮ ਦੇ ਇਕ ਹੋਰ ਬਿਹਾਰੀ ਨੌਜਵਾਨ ਨੂੰ ਵੀ ਹੋਟਲ ਵਿਚ ਮੁਲਾਜਮ ਰੱਖਿਆ ਸੀ।

ਦੱਸਿਆ ਜਾਂਦਾ ਹੈ ਕਿ ਹੋਟਲ ਦੇ ਮਾਲਕ ਹਰਜਿੰਦਰ ਸਿੰਘ ਢਿੱਲੋਂ, ਜੋ ਧਨਾਢ ਕਾਰੋਬਾਰੀ ਹਨ ਅਤੇ ਕੋਲਿਆਂ ਦਾ ਵਪਾਰ ਵੀ ਕਰਦੇ ਹਨ, ਨੇ ਕੋਲਿਆਂ ਦੇ ਇਕ ਵਪਾਰੀ ਨੂੰ ਬਕਾਇਆ ਰਕਮ ਇਕ ਲੱਖ ਰੁਪਏ ਦੇਣ ਵਾਸਤੇ ਹੋਟਲ ਦੇ ਕਾਊਂਟਰ ਵਿਚ ਰੱਖੇ ਸਨ ਅਤੇ ਮੈਨੇਜਰ ਸਮੇਤ ਦੋਵਾਂ ਮੁਲਾਜ਼ਮਾਂ ਨੂੰ ਵੀ ਇਹ ਰਕਮ ਰੱਖੇ ਜਾਣ ਸਬੰਧੀ ਪੂਰੀ ਜਾਣਕਾਰੀ ਸੀ। 

ਡੀਐੱਸਪੀ ਸਬ ਡਵੀਜਨ ਤਰਨਤਾਰਨ ਸ੍ਰ. ਸਤਨਾਮ ਸਿੰਘ ਜੋ ਪੁਲਿਸ ਫੋਰਸ ਸਮੇਤ ਘਟਨਾ ਸਥਾਨ 'ਤੇ ਮੌਜੂਦ ਸਨ, ਦੇ ਦੱਸਣ ਅਨੁਸਾਰ ਕਾਊਂਟਰ ਦੀ ਫੋਲਾ ਫਲਾਈ ਕਰਦੇ ਅਤੇ ਮੌਕੇ ਤੋਂ ਫਰਾਰ ਹੁੰਦੇ ਸਮੇਂ ਦੀਆਂ ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀਆਂ ਹਨ। ਰਜ਼ਨੀਸ਼ ਅਤੇ ਗੁਲਸ਼ਨ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ ਵਿਚ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਕਾਰਵਾਈ ਜਾਰੀ ਹੈ।

ਹਰਜਿੰਦਰ ਸਿੰਘ ਦੀ ਵਿਧਵਾ ਨੇ ਦੱਸਿਆ ਕਿ ਉਸਦੇ ਚਾਰ ਬੱਚੇ ਹਨ ਅਤ ਹਰਜਿੰਦਰ ਸਿੰਘ ਦੀ ਤਨਖਾਹ ਹੀ ਉਨ੍ਹਾਂ ਦੇ ਪਰਿਵਾਰ ਦੀ ਰੋਜੀ ਰੋਟੀ ਦਾ ਸਾਧਨ ਸੀ। ਇਸ ਲਈ ਮਨਜੀਤ ਕੌਰ ਨੇ 20 ਲੱਖ ਰੁਪਏ ਦੇ ਮੁਆਵਜੇ ਦੀ ਮੰਗ ਕੀਤੀ ਹੈ।