ਬਾਦਲਾਂ ਨੇ 10 ਸਾਲਾਂ 'ਚ ਹਵਾਈ ਸੈਰਾਂ 'ਤੇ ਫੂਕੇ 130 ਕਰੋੜ: ਸਿੱਧੂ
ਪਿਛਲੀਆਂ ਦੋ ਟਰਮਾਂ 2007 ਤੋਂ 2017 ਤਕ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਸ ਦੇ ਬੇਟੇ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ...
ਚੰਡੀਗੜ੍ਹ, ਪਿਛਲੀਆਂ ਦੋ ਟਰਮਾਂ 2007 ਤੋਂ 2017 ਤਕ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਸ ਦੇ ਬੇਟੇ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਬਾਕੀ ਪਰਵਾਰ ਵਲੋਂ ਸੂਬੇ ਦੇ ਖ਼ਜ਼ਾਨੇ ਅਤੇ ਲੋਕਾਂ ਦੇ ਪੈਸੇ ਦੀ ਕੀਤੀ ਲੁੱਟ ਦੀਆਂ ਪਰਤਾਂ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਖੋਲ੍ਹੀਆਂ ਹਨ। ਉਨ੍ਹਾਂ ਕਿਹਾ ਕਿ ਇਕੱਲੇ ਹੈਲੀਕਾਪਟਰ ਤੇ ਨਿਜੀ ਹਵਾਈ ਜਹਾਜ਼ਾਂ ਦੀ ਸੈਰ 'ਤੇ ਹੀ ਇਸ ਪਰਵਾਰ ਨੇ 130 ਕਰੋੜ ਦਾ ਖ਼ਰਚਾ ਕੀਤਾ ਅਤੇ ਸਰਕਾਰੀ ਹੈਲੀਕਾਪਟਰ ਦੀ 37 ਕਰੋੜ ਨਾਲ ਕੀਤੀ ਖ਼ਰੀਦ ਵਿਚ ਵੀ ਬੇਨਿਯਮੀਆਂ ਕੀਤੀਆਂ ਗਈਆਂ ਹਨ।
ਅੱਜ ਅਪਣੀ ਸਰਕਾਰੀ ਰਿਹਾਇਸ਼ 'ਤੇ ਸਿੱਧੂ ਨੇ ਆਰਟੀਆਈ ਰਾਹੀਂ ਲਈ ਜਾਣਕਾਰੀ ਦਾ 160 ਸਫ਼ਿਆਂ ਤੋਂ ਵੀ ਵੱਧ ਦਾ ਪੁਲੰਦਾ ਦਿੰਦੇ ਹੋਏ ਕਿਹਾ ਕਿ ਬਾਦਲ ਪਰਵਾਰ ਦਾ ਹਰ ਮਹੀਨੇ ਸਵਾ ਦੋ ਕਰੋੜ ਰੁਪਏ ਦਾ ਖ਼ਰਚਾ ਸਿਰਫ਼ ਹਵਾਈ ਜਹਾਜ਼ ਅਤੇ ਹੈਲੀਕਾਪਟਰ ਦਾ ਹੀ ਆਉਂਦਾ ਸੀ। ਜ਼ਿਕਰਯੋਗ ਹੈ ਕਿ ਮੌਜੂਦਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9 ਮਹੀਨਿਆਂ ਵਿਚ ਸਿਰਫ਼ 22 ਲੱਖ ਰੁਪਏ ਹੈਲੀਕਾਪਟਰ ਦੇ ਤੇਲ 'ਤੇ ਖ਼ਰਚੇ ਅਤੇ ਕਦੇ ਵੀ ਪ੍ਰਾਈਵੇਟ ਜਾਂ ਚਾਰਟਰਡ ਹਵਾਈ ਜਹਾਜ਼ ਨਹੀਂ ਵਰਤਿਆ।
ਸਿਰਫ਼ ਰਾਜਪਾਲ ਨੇ ਦੋ ਵਾਰ ਤੇ ਇਕ-ਇਕ ਵਾਰ ਡੀਜੀਪੀ ਤੇ ਮੁੱਖ ਸਕੱਤਰ ਨੇ ਚਾਰਟਰਡ ਹਵਾਈ ਜਹਾਜ਼ ਜਾਂ ਹੈਲੀਕਾਪਟਰ ਤੇ 37,85,000 ਦਾ ਖ਼ਰਚਾ ਕੀਤਾ।
ਸਿੱਧੂ ਨੇ ਦਸਿਆ ਕਿ ਸੂਚਨਾ ਮੁਤਾਬਕ ਸਾਬਕਾ ਮੁੱਖ ਮੰਤਰੀ ਨੇ ਭੋਗ, ਵਿਆਹ-ਸ਼ਾਦੀ, ਬੈਠਕਾਂ ਕਰਨ ਜਾਂ ਲੋਕਾਂ ਨਾਲ ਮੁਲਾਕਾਤ ਕਰਨ ਮੌਕੇ ਰੋਜ਼ਾਨਾ 500 ਰੁਪਏ ਦਾ ਭੱਤਾ ਵੀ ਸਰਕਾਰੀ ਖ਼ਜ਼ਾਨੇ ਵਿਚੋਂ ਲਿਆ। ਹੋਰ ਤਾਂ ਹੋਰ ਬੀਬੀ ਸੁਰਿੰਦਰ ਕੌਰ ਦੀ ਬੀਮਾਰੀ ਮੌਕੇ 24 ਮਾਰਚ, 2010 ਤੇ ਪੰਜ ਨਵੰਬਰ, 2010 ਨੂੰ ਅਮਰੀਕਾ ਵਿਚ ਇਲਾਜ ਦਾ ਹਵਾਈ ਜਹਾਜ਼ ਦੀ ਟਿਕਟ ਦਾ 797,354 ਰੁਪਏ ਦੀ ਰਕਮ ਵੀ ਕਲੇਮ ਕੀਤੀ।
ਇਸ ਦੀ ਕੋਈ ਟਿਕਟ ਨਹੀਂ ਦਿਤੀ, ਸਿਰਫ਼ ਲਿਖ ਕੇ ਸਰਟੀਫ਼ੀਕੇਟ ਦਿਤਾ। ਮੰਤਰੀ ਦੇ ਨਾਲ ਬੈਠੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਬੇਟੇ ਦਿਲਜੀਤ ਸਿੰਘ ਗਿਲਜੀਆਂ ਨੇ ਦਸਿਆ ਕਿ ਉਹ ਪੇਸ਼ੇ ਤੋਂ ਵਕੀਲ ਹਨ, ਉਨ੍ਹਾਂ ਇਹ ਜਾਣਕਾਰੀ ਪਿਛਲੇ ਸੱਤ-ਅੱਠ ਮਹੀਨਿਆਂ ਵਿਚ ਹਜ਼ਾਰਾਂ ਰੁਪਏ ਖ਼ਰਚ ਕਰ ਕੇ ਪ੍ਰਾਪਤ ਕੀਤੀ ਹੈ। ਇਸ ਸਾਰੇ ਕਾਂਡ ਦੀ ਉਚ ਪਧਰੀ ਜਾਂਚ ਦੀ ਮੰਗ ਕਰਦਿਆਂ ਸਿੱਧੂ ਨੇ ਕਿਹਾ ਕਿ ਇਕ ਪਾਸੇ ਸੁਖਬੀਰ, ਮਜੀਠੀਆ ਅਤੇ ਪਰਵਾਰ ਦੇ ਮੈਂਬਰ ਅਪਣਾ ਵਪਾਰ ਚਲਾਉਂਦੇ ਰਹੇ,
ਕਰੋੜਾਂ ਦੀ ਕਮਾਈ ਕਰਦੇ ਹਨ ਜਦਕਿ ਦੂਜੇ ਪਾਸੇ ਨਿਜੀ ਕੰਮਾਂ ਲਈ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦੇ ਰਹੇ। ਇਸ ਜਾਂਚ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੱਡੇ ਬਾਦਲ ਤੇ ਸੁਖਬੀਰ ਬਾਦਲ ਨੂੰ ਹਰਜਾਨਾ ਭਰਨਾ ਚਾਹੀਦਾ ਹੈ। ਹੈਲੀਕਾਪਟਰ ਤੇ ਹਵਾਈ ਜਹਾਜ਼ ਸਮੇਤ ਚਾਰਟਰਡ ਪਲੇਨ ਵਿਚ ਸਫ਼ਰ ਕਰਨ ਵਾਲੇ ਇਨ੍ਹਾਂ ਅਮੀਰਾਂ ਕੋਲ, 32 ਸਰਕਾਰੀ ਗੱਡੀਆਂ ਬਤੌਰ ਮੁੱਖ ਮੰਤਰੀ ਦੇ ਕਾਫ਼ਲੇ ਵਿਚ ਸਨ ਅਤੇ 19 ਗੱਡੀਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ ਸਨ। ਇਨ੍ਹਾਂ ਦੇ ਤੇਲ ਦਾ ਮਾਸਕ ਖ਼ਰਚਾ ਹੀ ਲੱਖਾਂ ਰੁਪਏ ਸੀ।
ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਤੇ ਇਸ ਤੋਂ ਬਾਹਰ ਦਿੱਲੀ, ਅਹਿਮਦਾਬਾਦ ਤੇ ਹੋਰ ਥਾਵਾਂ 'ਤੇ ਸਰਕਾਰੀ ਤੇ ਗ਼ੈਰ ਸਰਕਾਰੀ ਸਮੇਤ ਨਿਜੀ ਮੁਲਾਕਾਤਾਂ, ਬੈਠਕਾਂ, ਭੋਗ, ਵਿਆਹ, ਸ਼ਗਨਾਂ, ਲੋਕਾਂ ਨਾਲ ਮਿਲਣੀਆਂ, ਉਦਘਾਟਨਾਂ ਮੌਕੇ, ਹਵਾਈ ਜਹਾਜ਼ ਤੇ ਚਾਰਟਰਡ ਪਲੇਨ ਦੀ ਵਰਤੋਂ ਕੀਤੀ ਜਦਕਿ ਸਰਕਾਰੀ ਹੈਲੀਕਾਪਟਰ, ਪਰਵਾਰ ਦੇ ਹੋਰ ਮੈਂਬਰਾਂ ਨੇ ਵਰਤਿਆ।