ਮੋਦੀ ਸਰਕਾਰ ਦੀਆਂ ਨਾਕਾਮੀਆਂ ਲੋਕ ਸਭਾ ਸੈਸ਼ਨ ਵਿਚ ਉਜਾਗਰ ਕਰਾਂਗੇ: ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਕਿਹਾ ਹੈ ਕਿ 18 ਜੁਲਾਈ ਤੋਂ ਸੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਮੋਦੀ ਸਰਕਾਰ...

Sunil jakhar

ਗੁਰਦਾਸਪੁਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਕਿਹਾ ਹੈ ਕਿ 18 ਜੁਲਾਈ ਤੋਂ ਸੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਮੋਦੀ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਨਾਕਾਮੀਆਂ ਨੂੰ ਕਾਂਗਰਸ ਪੂਰੇ ਜ਼ੋਰ-ਸ਼ੋਰ ਨਾਲ ਉਜਾਗਰ ਕਰੇਗੀ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ  ਸਰਕਾਰ ਨੇ ਅਪਣੇ ਕਾਰਜਕਾਲ ਦਾ ਚਾਰ ਸਾਲ ਤੋਂ ਵੱਧ ਸਮਾਂ ਗੁਆ ਲਿਆ ਹੈ। ਇਸ ਸਰਕਾਰ ਕੋਲ ਕੰਮ ਕਰਨ ਲਈ ਸਿਰਫ਼ 6 ਮਹੀਨੇ ਹੀ ਬਚੇ ਹਨ ਅਤੇ ਹੁਣ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਲਿਖਤੀ ਕੀਤੇ ਵਾਅਦਿਆਂ ਦਾ ਸੰਸਦ ਵਿਚ ਹਿਸਾਬ ਮੰਗਿਆ ਜਾਵੇਗਾ। 

ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਉੱਕਾ ਹੀ ਭੱਜ ਗਈ ਹੈ ਕਿਉਂਕਿ ਇਸ ਸਰਕਾਰ ਨੇ ਕਾਫੀ ਸਮਾਂ ਪਹਿਲਾਂ ਹੀ ਕਿਸਾਨਾਂ ਨਾਲ ਸਬੰਧਤ ਮੁੱਦਿਆਂ ਦੀ ਪ੍ਰਾਪਤੀ ਲਈ 2022 ਦਾ ਸਮਾਂ ਨਿਰਧਾਰਤ ਕਰਕੇ ਅਪਣੀ ਅਸਫ਼ਲਤਾ ਨੂੰ ਖੁਦ ਹੀ ਮੰਨ ਲਿਆ ਹੈ। ਖੇਤਰ ਅਧਾਰਤ ਫਸਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਦੀ ਯੋਜਨਾ, ਖੇਤੀਬਾੜੀ ਰੇਲ ਲਿੰਕ, ਮੁੱਲ ਸਥਿਰਤਾ ਵਰਗੇ ਕਿਸੇ ਵੀ ਮੁੱਦੇ 'ਤੇ ਇਹ ਸਰਕਾਰ ਕੁਝ ਵੀ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਕਾਲੇਧਨ ਦੇ ਮੁੱਦੇ 'ਤੇ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਹੁਤ ਸ਼ੋਰ ਮਚਾਇਆ ਸੀ ਪਰ ਸਰਕਾਰ ਬਣਨ ਤੋਂ ਬਾਅਦ ਕੁਝ ਵੀ ਖਾਸ ਨਹੀਂ ਕੀਤਾ।

ਨੋਟਬੰਦੀ ਵਰਗਾ ਅਰਥ ਵਿਵਸਥਾ ਵਿਰੋਧੀ ਫੈਸਲਾ ਵੀ ਲਾਗੂ ਕੀਤਾ, ਫਿਰ ਵੀ ਇਹ ਸਰਕਾਰ ਕੁਝ ਪ੍ਰਾਪਤੀ ਨਹੀਂ ਕਰ ਸਕੀ। ਉਲਟਾ ਕਈ ਉਦਯੋਗਪਤੀ ਇਸ ਸਰਕਾਰ ਦੀ ਛਤਰਛਾਇਆ ਵਿਚ ਦੇਸ਼ ਦੇ ਕਰੋੜਾਂ ਰੁਪਏ ਡਕਾਰ ਕੇ ਵਿਦੇਸ਼ ਭੱਜ ਗਏ। ਕਾਲਾਬਾਜ਼ਾਰੀ ਰੋਕਣ ਸਬੰਧੀ ਵੀ ਇਸ ਸਰਕਾਰ ਦਾ ਕੋਈ ਚੋਣ ਵਾਅਦਾ ਪੂਰਾ ਨਹੀਂ ਹੋਇਆ ਹੈ।

ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇ ਵਾਅਦੇ ਨਾਲ ਸੱਤਾ ਵਿਚ ਆਈ ਮੋਦੀ ਸਰਕਾਰ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਇਸ ਮੁਹਾਜ 'ਤੇ ਐਨਡੀਏ ਸਰਕਾਰ ਨੇ ਕੁਝ ਨਹੀਂ ਕੀਤਾ ਹੈ। ਕਮਜ਼ੋਰ ਵਰਗਾਂ ਅਤੇ ਘੱਟਗਿਣਤੀਆਂ ਦੀ ਸਥਿਤੀ ਹੋਰ ਖ਼ਰਾਬ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਸ.ਸੀ. ਬੱਚਿਆਂ ਦੇ ਕਰੀਬ 1500 ਕਰੋੜ ਰੁਪਏ ਤੋਂ ਵੱਧ ਦਾ ਵਜ਼ੀਫਾ ਕੇਂਦਰ ਸਰਕਾਰ ਜਾਰੀ ਨਾ ਕਰਕੇ ਅਪਣੇ ਕਮਜ਼ੋਰ ਵਰਗਾਂ ਪ੍ਰਤੀ ਨਕਾਰਾਤਮਕ ਰਵੱਈਏ ਨੂੰ ਜੱਗ ਜ਼ਾਹਿਰ ਕਰ

ਰਹੀ ਹੈ। ਇਸੇ ਤਰਾਂ ਟੈਕਸ ਢਾਂਚੇ ਨੂੰ ਸਰਲ ਕਰਨ ਦਾ ਵਾਅਦਾ ਕੀਤਾ ਸੀ ਪਰ ਜੀ.ਐਸ.ਟੀ. ਨੂੰ ਅਜਿਹੇ ਗੁੰਝਲਦਾਰ ਤਰੀਕੇ ਨਾਲ ਲਾਗੂ ਕੀਤਾ ਹੈ ਕਿ ਇਹ ਵਪਾਰ ਲਈ ਘਾਤਕ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨਾਕਾਮੀਆਂ ਦਾ ਸੰਸਦ ਵਿਚ ਪੂਰਾ ਹਿਸਾਬ ਮੰਗਿਆ ਜਾਵੇਗਾ।