ਪਿਛਲੀ ਸਰਕਾਰ ਨੇ ਹਕੂਮਤ ਦੇ ਆਖ਼ਰੀ ਤਿੰਨ ਸਾਲਾਂ ਦੇ ਨਹੀਂ ਦਿਤੇ ਸ਼੍ਰੋਮਣੀ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਾਬਕਾ ਅਕਾਲੀ-ਭਾਜਪਾ ਸਰਕਾਰ ਸ਼੍ਰੋਮਣੀ ਪੁਰਸਕਾਰਾਂ ਦੀ ਕਰੋੜਾਂ ਦੀ ਦੇਣਦਾਰ ਹੈ..............

SAD And BJP

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਾਬਕਾ ਅਕਾਲੀ-ਭਾਜਪਾ ਸਰਕਾਰ ਸ਼੍ਰੋਮਣੀ ਪੁਰਸਕਾਰਾਂ ਦੀ ਕਰੋੜਾਂ ਦੀ ਦੇਣਦਾਰ ਹੈ। ਅਕਾਲੀ-ਭਾਜਪਾ ਸਰਕਾਰ ਨੇ ਅਪਣੀ ਹਕੂਮਤ ਦੇ ਆਖ਼ਰੀ ਤਿੰਨ ਸਾਲਾਂ (2014-16) ਵਿਚ ਸ਼੍ਰੋਮਣੀ ਪੁਰਸਕਾਰ ਨਹੀਂ ਦਿਤੇ। ਪਿਛਲੇ ਚਾਰ ਸਾਲਾਂ ਤੋਂ ਭਾਸ਼ਾ ਵਿਭਾਗ ਦੇ ਦੋ ਪੰਜਾਬੀ ਮਾਸਕ ਰਸਾਲੇ ਵੀ ਲੰਙੇ ਡੰਗ ਛਪਣ ਲੱਗੇ ਹਨ। ਸਰਬਉਤਮ ਪੁਸਤਕ ਪੁਰਸਕਾਰ ਸਾਲ 2013 ਤੋਂ ਬਾਅਦ ਨਹੀਂ ਦਿਤਾ ਗਿਆ। ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋ੍ਰਮਣੀ ਪੁਰਸਕਾਰ ਦੇਣ ਲਈ ਸਲਾਹਕਾਰ ਬੋਰਡ ਦਾ ਗਠਨ ਕਰਨਾ ਸ਼ੁਰੂ ਕਰ ਦਿਤਾ ਹੈ। 

ਭਾਸ਼ਾ ਵਿਭਾਗ ਵਲੋਂ ਦਹਾਕਿਆਂ ਤੋਂ ਸਾਹਿਤਕਾਰਾਂ ਅਤੇ ਕਲਾਕਾਰਾਂ ਸਮੇਤ ਵੱਖ-ਵੱਖ ਖੇਤਰਾਂ ਦੀਆਂ ਮੋਹਰੀ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਆ ਰਿਹਾ ਹੈ। ਹਰ ਸਾਲ 18 ਸ਼ਖ਼ਸੀਅਤਾਂ ਨੂੰ ਦਿਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਵਿਚੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਦੀ ਰਕਮ 10 ਲੱਖ ਰੁਪਏ ਹੈ ਜਦਕਿ ਬਾਕੀ ਦੇ ਪੁਰਸਕਾਰ ਪੰਜ-ਪੰਜ ਲੱਖ ਰੁਪਏ ਦੇ ਹੁੰਦੇ ਹਨ। ਇਸ ਤੋਂ ਬਿਨਾਂ ਭਾਸ਼ਾ ਵਿਭਾਗ ਵਲੋਂ ਹਰ ਸਾਲ ਇਕ ਸਰਬਉਤਮ ਪੁਰਸਕਾਰ ਦਿਤਾ ਜਾਂਦਾ ਹੈ ਜਿਸ ਵਿਚ 21 ਹਜ਼ਾਰ ਰੁਪਏ ਨਕਦ ਇਨਾਮ ਰਖਿਆ ਗਿਆ ਹੈ।

ਇਨ੍ਹਾਂ ਸਾਲਾਨਾ ਪੁਰਸਕਾਰਾਂ ਦੀ ਰਕਮ ਇਕ ਕਰੋੜ ਰੁਪਏ ਦੇ ਕਰੀਬ ਬਣਦੀ ਹੈ ਅਤੇ ਪੁਰਸਕਾਰ ਵੰਡ ਸਮਾਰੋਹ ਦਾ ਖ਼ਰਚਾ ਵਖਰਾ। ਭਾਸ਼ਾ ਵਿਭਾਗ ਵਲੋਂ ਚਾਰ ਮਾਸਕ ਰਸਾਲੇ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਪੰਜਾਬੀ ਦੇ ਦੋ ਰਸਾਲੇ ਜਨ-ਸਾਹਿਤ ਅਤੇ ਪੰਜਾਬੀ ਦੁਨੀਆਂ ਸਮੇਤ ਹਿੰਦੀ ਦਾ ਮਾਸਕ ਰਸਾਲਾ ਪੰਜਾਬ ਗੌਰਵ ਅਤੇ ਉਰਦੂ ਦਾ ਪਰਵਾਜ਼-ਏ-ਅਦਬ ਛਾਪੇ ਜਾ ਰਹੇ ਹਨ। ਸਿਤਮ ਦੀ ਗੱਲ ਇਹ ਕਿ ਬੇਗ਼ਾਨੀ ਭਾਸ਼ਾ ਹਿੰਦੀ ਅਤੇ ਉਰਦੂ ਦੇ ਰਸਾਲੇ ਲਗਾਤਾਰ ਛਪਦੇ ਆ ਰਹੇ ਹਨ ਜਦਕਿ ਪੰਜਾਬੀ ਦੇ ਦੋਵੇਂ ਮੈਗਜ਼ੀਨ ਤਿਮਾਹੀ ਜਾਂ ਛਿਮਾਹੀ ਹੋ ਕੇ ਰਹਿ ਗਏ ਹਨ।

ਪੰਜਾਬੀ ਦੀ ਤਰੱਕੀ ਲਈ ਗਠਤ ਭਾਸ਼ਾ ਵਿਭਾਗ ਦਾ ਪੰਜਾਬੀ ਪ੍ਰਤੀ ਇਹ ਰਵਈਆ ਉਦਾਸੀਨਤਾ ਵਾਲਾ ਹੈ। ਭਾਸ਼ਾ ਵਿਭਾਗ ਹਰ ਸਾਲ ਸ਼੍ਰੋ੍ਰਮਣੀ ਪੰਜਾਬੀ ਸਾਹਿਤ ਰਤਨ ਪੁਰਸਕਾਰ, ਸੰਸਕ੍ਰਿਤ ਸਾਹਿਤਕਾਰ ਪੁਰਸਕਾਰ, ਪੰਜਾਬੀ ਕਵੀ ਪੁਰਸਕਾਰ, ਪੰਜਾਬੀ ਆਲੋਚਕ ਪੁਰਸਕਾਰ, ਪੰਜਾਬੀ ਸਾਹਿਤਕਾਰ ਪੁਰਸਕਾਰ (ਵਿਦੇਸ਼), ਪੰਜਾਬੀ ਸਾਹਿਤਕਾਰ (ਪੰਜਾਬ ਤੋਂ ਬਾਹਰ), ਬਾਲ ਸਾਹਿਤ ਲੇਖਕ ਪੁਰਸਕਾਰ, ਪੰਜਾਬੀ ਪੱਤਰਕਾਰ ਪੁਰਸਕਾਰ, ਪੰਜਾਬੀ ਸਾਹਿਤਕ ਪੱਤਰਕਾਰੀ ਪੁਰਸਕਾਰ, ਰਾਗੀ/ਢਾਡੀ/ਕਵੀਸ਼ਰੀ/ਟੈਲੀਵਿਜ਼ਨ/ਰੰਗਮੰਚ/ਥੀਏਟਰ ਪੁਰਸਕਾਰ, ਪੰਜਾਬੀ ਗਾਇਕ/ਸੰਗੀਤਕਾਰ ਪੁਰਸਕਾਰ,

ਹਿੰਦੀ ਸਾਹਿਤ ਪੁਰਸਕਾਰ ਆਦਿ ਦਿਤੇ ਜਾ ਰਹੇ ਹਨ। ਇਨ੍ਹਾਂ ਪੁਰਸਕਾਰਾਂ ਲਈ ਉਚੇਰੀ ਸਿਖਿਆ ਮੰਤਰੀ ਦੀ ਅਗਵਾਈ ਹੇਠ ਗਠਤ 51 ਮੈਂਬਰੀ ਕਮੇਟੀ ਪੁਰਸਕਾਰਾਂ ਲਈ ਚੋਣ ਕਰਦੀ ਹੈ। ਪੁਰਸਕਾਰ ਵਿਚ ਨਕਦ ਰਕਮ ਨਾਲ ਇਕ ਸ਼ਾਲ, ਇਕ ਪ੍ਰਸ਼ੰਸਾ ਪੱਤਰ ਅਤੇ ਇਕ ਯਾਦਗਾਰੀ ਚਿੰਨ੍ਹ ਸ਼ਾਮਲ ਹੁੰਦਾ ਹੈ। ਬਾਦਲ ਸਰਕਾਰ ਨੇ ਸ਼੍ਰੋਮਣੀ ਪੁਰਸਕਾਰ ਹਰ ਸਾਲ ਦੇਣ ਦੀ ਥਾਂ 10 ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ ਦੋ ਵਾਰ ਹੀ ਦਿਤੇ ਸਨ। ਸਾਲ 2013 ਤੋਂ ਬਾਅਦ ਪੁਰਸਕਾਰਾਂ ਲਈ ਸਲਾਹਕਾਰ ਕਮੇਟੀ ਦੀ ਮੀਟਿੰਗ ਤਕ ਨਹੀਂ ਕੀਤੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਪੁਰਸਕਾਰ ਦੇਣ ਲਈ ਮੁੜ ਤੋਂ ਹੰਭਲਾ ਮਾਰਦਿਆਂ ਸਲਾਹਕਾਰ ਕਮੇਟੀ ਦਾ ਗਠਨ ਕਰਨ ਦਾ ਅਮਲ ਸ਼ੁਰੂ ਕਰ ਦਿਤਾ ਹੈ। ਕੈਪਟਨ ਸਰਕਾਰ ਨੂੰ ਸਾਲ 2018 ਦੇ ਪੁਰਸਕਾਰ ਦੇਣ ਤੋਂ ਪਹਿਲਾਂ ਬਾਦਲਾਂ ਦੇ ਤਿੰਨ ਸਾਲਾਂ ਦੇ ਪੁਰਸਕਾਰਾਂ ਦੀ ਅਦਾਇਗੀ ਕਰਨੀ ਪਵੇਗੀ।  ਡਾਇਰੈਕਟਰ ਭਾਸ਼ਾ ਵਿਭਾਗ ਡਾ. ਗੁਰਸ਼ਰਨ ਕੌਰ ਨੇ ਕਿਹਾ ਹੈ ਕਿ ਪੁਰਸਕਾਰ ਦੇਣ ਲਈ ਸਲਾਹਕਾਰ ਕਮੇਟੀ ਗਠਤ ਕਰਨ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜ ਦਿਤਾ ਗਿਆ ਹੈ।