ਏਜੰਟ ਨੇ ਸੁਕਾਏ ਰੇਲਵੇ ਮੁਲਾਜ਼ਮਾਂ ਦੇ ਸਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਈਆ ਸੰਗਤਾਂ ਦੀ ਸਹੂਲਤ ਲਈ ਰੇਲਵੇ ਵਲੋਂ ਖੋਲ੍ਹੇ ਬੁਕਿੰਗ ਕਾਊਂਟਰ ਤੇ ਕੰਮ ਕਰਦੇ ਕਰਮਚਾਰੀਆਂ ਨੂੰ ...

Railway Ticket Counter

ਤਰਨਤਾਰਨ,  ਦੇਸ਼ ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਈਆ ਸੰਗਤਾਂ ਦੀ ਸਹੂਲਤ ਲਈ ਰੇਲਵੇ ਵਲੋਂ ਖੋਲ੍ਹੇ ਬੁਕਿੰਗ ਕਾਊਂਟਰ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਇਕ ਨਿਜੀ ਏਜੰਟ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਜਾਂਦਾ ਹੈ ਕਿ ਨਿਜੀ ਏਜੰਟ ਦਾ ਇਨਾਂ ਦਬਦਬਾ ਹੈ ਕਿ ਉਸ ਨੇ ਰੇਲਵੇ ਕਰਮਚਾਰੀਆਂ ਦੇ ਸਾਹ ਸੁਕਾਏ ਹੋਏ ਹਨ। 

ਜਾਣਕਾਰੀ ਮੁਤਾਬਕ ਇਸ ਏਜੰਟ ਦੀ ਦਰਬਾਰ ਸਾਹਿਬ ਦੇ ਨੇੜੇ ਹੀ ਟਰੈਵਲ ਏਜੰਸੀ ਹੈ। ਇਸ ਏਜੰਟ ਨੇ ਰੇਲ ਟਿਕਟ ਕਾਊਂਟਰ ਤੇ ਤੈਨਾਤ ਕਰਮਚਾਰੀਆਂ 'ਤੇ ਦਬਾਅ ਬਣਾ ਕੇ ਪਹਿਲਾਂ ਅਪਣੀਆਂ ਟਿਕਟਾਂ ਬੁਕ ਕਰਨ ਲਈ ਕਿਹਾ ਹੋਇਆ ਸੀ। ਰੇਲਵੇ ਕਰਮਚਾਰੀ ਇਸ ਏਜੰਟ ਦੀ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਪਹੁੰਚ ਨੂੰ ਵੇਖ ਕੇ ਚੁੱਪ ਕਰ ਜਾਂਦੇ ਸਨ ਜਿਸ ਕਰ ਕੇ ਇਹ ਏਜੰਟ ਪੂਰੀ ਚਾਂਦੀ ਕੁਟਦਾ ਰਿਹਾ। ਪਿਛਲੇ ਕੁੱਝ ਸਮੇਂ ਤੋਂ ਰੇਲਵੇ ਅਧਿਕਾਰੀਆਂ ਨੇ ਦਰਬਾਰ ਸਾਹਿਬ ਵਿਖੇ ਬਣੇ ਰੇਲ ਟਿਕਟ ਕਾਊਂਟਰ 'ਤੇ ਨਜ਼ਰ ਰਖੀ ਹੋਈ ਹੈ

ਜਿਸ ਕਾਰਨ ਇਸ ਏਜੰਟ ਦਾ ਕਾਰੋਬਾਰ ਪ੍ਰਭਾਵਤ ਹੋਇਆ। ਹਾਲ ਹੀ ਵਿਚ ਜਦ ਇਹ ਏਜੰਟ ਨੀਲੀ ਪੱਗ ਬੰਨ੍ਹ ਕੇ ਰੇਲਵੇ ਕਾਊਂਟਰ 'ਤੇ ਜਾ ਕੇ ਬੈਠੇ ਕਰਮਚਾਰੀਆਂ 'ਤੇ ਧੌਂਸ ਨਾਲ ਅਪਣੀਆਂ ਟਿਕਟਾਂ ਬੁਕ ਕਰਨ ਲਈ ਪੁੱਜਾ ਤਾਂ ਰੇਲਵੇ ਕਰਮਚਾਰੀਆਂ ਨੇ ਉਸ ਦੀ ਸੁਣਨ ਤੋਂ ਇਨਕਾਰ ਕਰ ਦਿਤਾ ਜਿਸ 'ਤੇ ਉਕਤ ਏਜੰਟ ਨੇ ਕਮੇਟੀ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਰੇਲ ਟਿਕਟ ਕਾਊਂਟਰ ਦੇ ਏਅਰ ਕੰਡੀਸ਼ਨਰ ਦਾ ਕੁਨੈਕਸ਼ਨ ਕਟਵਾ ਦਿਤਾ।

ਏਜੰਟ ਨੇ ਰੇਲ ਕਰਮਚਾਰੀਆਂ ਨੂੰ ਚਿਤਾਵਨੀ ਦਿਤੀ ਕਿ ਜੇ ਉਸ ਨੂੰ ਇਨਕਾਰ ਕੀਤਾ ਤੇ ਉਹ ਬਿਜਲੀ ਵੀ ਬੰਦ ਕਰਵਾ ਦੇਵੇਗਾ। ਇਸ ਸਬੰਧੀ ਦਰਬਾਰ ਸਾਹਿਬ ਦੇ ਮੈਨਜ਼ਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਰੇਲਵੇ ਕਾਊਂਟਰ ਦੇ ਏਅਰ ਕੰਡੀਸ਼ਨਰ ਬਿਜਲੀ ਦਾ ਲੋਡ ਵੱਧ ਹੋਣ ਕਾਰਨ ਬੰਦ ਕੀਤੇ ਗਏ ਸਨ। ਕਿਸੇ ਨੂੰ ਵੀ ਪ੍ਰਬੰਧ ਵਿਚ ਦਖ਼ਲ ਦੇਣ ਦਾ ਅਧਿਕਾਰ ਨਹੀਂ।