ਸਿੱਖ-ਕੌਮ ਦੀਆਂ ਨਜ਼ਰਾਂ 'ਜਥੇਦਾਰ' ਵਲੋਂ ਕੀਤੀ ਜਾ ਰਹੀ ਨਿਯੁਕਤੀ 'ਤੇ ਕੇਂਦਰਤ ਹੋਈਆਂ
ਗਾਇਬ ਸਰੂਪਾਂ ਦੀ ਨਿਰਪੱਖ ਪੜਤਾਲ ਲਈ 'ਜਥੇਦਾਰ' ਵਲੋਂ ਸਿੱਖ ਜੱਜ ਨਿਯੁਕਤ ਕਰਨ ਲਈ ਸਲਾਹ ਮਸ਼ਵਰੇ ਸ਼ੁਰੂ
ਅੰਮ੍ਰਿਤਸਰ, 15 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 267 ਪਾਵਨ ਸਰੂਪਾਂ ਦੀ ਨਿਆਇਕ ਜਾਂਚ ਲਈ ਸੇਵਾ-ਮੁਕਤ ਸਿੱਖ ਜੱਜ ਨਿਯੁਕਤ ਕਰਨ ਲਈ ਸਲਾਹ ਮਸ਼ਵਰੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਨਿਰਪੱਖ ਜਾਂਚ ਕਰਵਾਈ ਜਾ ਸਕੇ। ਸੂਤਰਾਂ ਮੁਤਾਬਕ ਇਸ ਸਬੰਧੀ ਕੁੱਝ ਸ਼ਖ਼ਸੀਅਤਾਂ ਨਾਲ ਗੱਲਬਾਤ ਹੋਈ ਹੈ ਪਰ ਉਨ੍ਹਾਂ ਅਪਣੇ ਰੁਝੇਵਿਆਂ ਕਾਰਨ ਅਜੇ ਹਾਮੀਂ ਨਹੀਂ ਭਰੀ।
'ਜਥੇਦਾਰ' ਇਸ ਗੰਭੀਰ ਮਸਲੇ ਨੂੰ ਲਮਕਾਉਣ ਦੀ ਥਾਂ ਤੁਰਤ ਨਿਯੁਕਤੀ ਕਰਨ ਲਈ ਯਤਨਸ਼ੀਲ ਹਨ। ਪੰਥਕ ਸੰਗਠਨਾਂ ਦਾ ਵੀ ਭਾਰੀ ਦਬਾਅ ਹੈ ਕਿ ਪੜਤਾਲ ਦਾ ਕੰਮ ਸਮਾਂਬਧ ਹੋਵੇ। ਇਹ ਮਸਲਾ ਸਿਆਸੀ ਅਤੇ ਧਾਰਮਕ ਖੇਤਰ ਵਿਚ ਵਕਾਰ ਦਾ ਮਾਮਲਾ ਬਣ ਗਿਆ ਹੈ। ਸਿੱਖ-ਕੌਮ ਦੀਆਂ ਨਜ਼ਰਾਂ 'ਜਥੇਦਾਰ' ਵਲੋਂ ਕੀਤੀ ਜਾ ਰਹੀ ਨਿਯੁਕਤੀ 'ਤੇ ਕੇਂਦਰਤ ਹੋ ਗਈਆਂ ਹਨ। ਪੰਥਕ ਹਲਕਿਆਂ ਮੁਤਾਬਕ 'ਜਥੇਦਾਰ' ਲਈ ਵੀ ਸਿੱਖ ਜੱਜ ਦੀ ਨਿਯੁਕਤੀ ਵਕਾਰ ਦਾ ਸਵਾਲ ਬਣ ਗਈ ਹੈ ਜਿਸ ਨੇ ਨਿਰਪੱਖਤਾ ਨਾਲ ਪੜਤਾਲ ਬਾਅਦ ਫ਼ੈਸਲਾ ਦੇਣਾ ਹੈ।
ਇਸ ਸਾਰੀ ਸਥਿਤੀ ਦੀ ਸਮੁੱਚੀ ਗੰਭੀਰਤਾ ਦੇ ਮੱਦੇਨਜ਼ਰ ਰੱਖਦਿਆਂ, ਜਥੇਦਾਰ ਗਿ. ਹਰਪ੍ਰੀਤ ਸਿੰਘ ਦੇ ਆਦੇਸ਼ਾਂ 'ਤੇ ਅਕਾਲ ਤਖ਼ਤ ਸਾਹਿਬ ਦੇ ਉਚ ਅਧਿਕਾਰੀਆਂ ਪਬਲੀਕੇਸ਼ਨ ਵਿਭਾਗ ਤੇ ਪ੍ਰੈਸ ਦਾ ਰੀਕਾਰਡ ਸੀਲ ਕਰ ਦਿਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਗਾਇਬ ਸੰਨ 2016 ਵਿਚ ਗਾਇਬ ਹੋਏ ਸਨ ਪਰ ਸਿਆਸੀ ਦਬਾਅ ਕਾਰਨ ਇਸ ਵੱਡੀ ਘਟਨਾ ਨੂੰ ਦਬਾਅ ਦਿਤਾ ਤਾਂ ਜੋ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਦਾ ਨੁਕਸਾਨ ਹੋਣੋਂ ਬਚ ਸਕੇ, ਜਿਹੜਾ ਪਹਿਲਾਂ ਹੀ ਬਰਗਾੜੀ ਕਾਂਡ ਤੇ ਪੁਲਿਸ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੇ ਸ਼ਹੀਦ ਹੋਣ ਦੇ ਮਾਸਲੇ ਵਿਚ ਫਸਿਆ ਸੀ।
ਹੋਰ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ 'ਤੇ ਹੋਣ ਵਾਲੀ ਜਾਂਚ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੋਮਣੀ ਕਮੇਟੀ ਨੇ ਵਿਵਾਦਤ ਅਧਿਕਾਰੀ ਤੇ ਕਰਮਚਾਰੀ ਵੀ ਬਦਲ ਦਿਤੇ ਹਨ ਜੋ ਪਬਲੀਕੇਸ਼ਨ ਤੇ ਪ੍ਰੈਸ ਵਿਭਾਗ ਵਿਚ ਲੰਬੇ ਸਮੇਂ ਤੋਂ ਤਾਇਨਾਤ ਸਨ। ਹੁਣ ਲਖਬੀਰ ਸਿੰਘ ਗੋਲਡਨ ਆਫ਼ਸੈਟ ਪ੍ਰੈਸ ਦੇ ਨਵੇਂ ਮੈਨੇਜਰ ਹੋਣਗੇ। ਗੁਰਨਾਮ ਸਿੰਘ ਇੰਚਾਰਜ ਪਬਲੀਕੇਸ਼ਨ ਵਿਭਾਗ, ਜਤਿੰਦਰਪਾਲ ਸਿੰਘ ਸੁਪਰਵਾਈਜ਼ਰ ਪਬਲੀਕੇਸ਼ਨ ਆਦਿ ਨੂੰ ਨਿਯੁਕਤ ਕੀਤਾ ਹੈ। ਹੋਰ ਵੀ ਕਰਮਚਾਰੀ ਬਦਲੇ ਜਾਣਗੇ ਜੋ ਜਾਂਚ ਨੂੰ ਪ੍ਰਭਾਵਤ ਕਰਨ ਲਈ ਜ਼ੁੰਮੇਵਾਰ ਹੋਣਗੇ। ਜਥੇਦਾਰ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਬਾਹਰ ਹਨ ਉਨ੍ਹਾਂ ਦੇ ਜਲਦੀ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਆਉਣ 'ਤੇ ਇਸ ਸਬੰਧੀ ਸਰਗਰਮੀ ਵਧਣ ਦੀ ਸੰਭਾਵਨਾ ਹੈ।