ਹਰੀਸ਼ ਰਾਵਤ ਦੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਬਿਆਨ ਮਗਰੋਂ ਪੰਜਾਬ ਕਾਂਗਰਸ ਵਿਚ ਮੁੜ ਵੱਡੀ ਹਲਚਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਦੇ ਬਿਆਨ ਬਾਰੇ ਸੋਨੀਆ ਗਾਂਧੀ ਕੋਲ ਜਤਾਇਆ ਇਤਰਾਜ਼, ਰਾਵਤ ਨੇ ਵੀ ਕੈਪਟਨ ਨੂੰ ਬਿਆਨ ਬਾਰੇ ਦਿਤੀ ਸਫ਼ਾਈ

Harish Rawat, Navjot Sidhu

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਇੰਚਾਰਜ ਤੇ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਬਾਰੇ ਦਿਤੇ ਸੰਕੇਤ ਤੋਂ ਬਾਅਦ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋਣ ਦੀ ਥਾਂ ਹੋਰ ਵਧਦਾ ਦਿਖਾਈ ਦੇ ਰਿਹਾ ਹੈ।
ਹਰੀਸ਼ ਰਾਵਤ ਨੇ ਅੱਜ ਇਕ ਨੈਸ਼ਨਲ ਟੀ.ਵੀ. ਚੈਨਲ ’ਤੇ ਗੱਲਬਾਤ ਵਿਚ ਕਿਹਾ ਸੀ ਕਿ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋ ਗਿਆ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਨਾਲ ਦੋ ਵਰਕਿੰਗ ਪ੍ਰਧਾਨ ਬਣਾਏ ਜਾਣ ਦੀ ਗੱਲ ਆਖੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਣੇ ਰਹਿਣ ਬਾਰੇ ਵੀ ਰਾਵਤ ਨੇ ਕਿਹਾ ਸੀ। ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਇਸ ਸੰਕੇਤ ਨਾਲ ਹੀ ਦੋ ਵਰਕਿੰਗ ਪ੍ਰਧਾਨਾਂ ਵਿਚ ਚੌਧਰੀ ਸੰਤੋਖ ਸਿੰਘ ਅਤੇ ਵਿਜੈਇੰਦਰ ਸਿੰਗਲਾ ਦੇ ਨਾਵਾਂ ਦੀ ਚਰਚਾ ਵੀ ਹੋ ਰਹੀ ਸੀ। ਦੇਰ ਸ਼ਾਮ ਤਕ ਕਿਸੇ ਰਸਮੀ ਐਲਾਨ ਦੀ ਮੀਡੀਆ ਉਡੀਕ ਕਰ ਰਿਹਾ ਸੀ ਪਰ ਸਾਰੇ ਹੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਰਾਵਤ ਦੇ ਬਿਆਨ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਫ਼ੋਨ ਕਰ ਕੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਬਾਰੇ ਇਸ ਤਰ੍ਹਾਂ ਐਲਾਨ ਕਰਨ ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ। 

ਕੈਪਟਨ ਦੀ ਇਸ ਨਾਰਾਜ਼ਗੀ ਤੋਂ ਬਾਅਦ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਤਲਬ ਕਰ ਲਿਆ ਕਿ ਉਨ੍ਹਾਂ ਨੇ ਸਿੱਧੂ ਬਾਰੇ ਬਿਆਨ ਕਿਉਂ ਦਿਤਾ? ਇਹ ਵੀ ਪਤਾ ਲੱਗਾ ਹੈ ਕਿ ਰਾਵਤ ਨੇ ਕੈਪਟਨ ਨੂੰ ਵੀ ਫ਼ੋਨ ਕਰ ਕੇ ਸਫ਼ਾਈ ਦਿਤੀ ਹੈ ਕਿ ਹਾਲੇ ਕੋਈ ਐਲਾਨ ਨਹੀਂ ਹੋਇਆ ਤੇ ਉਨ੍ਹਾਂ ਦੇ ਬਿਆਨ ਵਿਚ ਕੋਈ ਅਧਿਕਾਰਤ ਗੱਲ ਨਹੀਂ ਸੀ ਅਤੇ ਕਿਸੇ ਵੀ ਫ਼ੈਸਲੇ ਬਾਰੇ ਹਾਈਕਮਾਨ ਹੀ ਐਲਾਨ ਕਰੇਗੀ।

ਇਕ ਪਾਸੇ ਜਿਥੇ ਮੰਤਰੀ ਰੰਧਾਵਾ ਦੀ ਕੋਠੀ ਵਿਚ ਨਵਜੋਤ ਸਿੰਘ ਸਿੱਧੂ ਨਾਲ ਇਕ ਦਰਜਨ ਤੋਂ ਵੱਧ ਮੰਤਰੀਆਂ ਤੇ ਵਿਧਾਇਕਾਂ ਨੇ ਮੀਟਿੰਗ ਕੀਤੀ ਹੇ ਉਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪਣੇ ਸਮਰਥਕ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਮੀਟਿੰਗ ਅਪਣੇ ਸਿਸਵਾਂ ਫ਼ਾਰਮ ’ਤੇ ਕੀਤੀ। ਇਸ ਵਿਚ 30 ਤੋਂ ਵੱਧ ਮੈਂਬਰ ਪਹੁੰਚੇ। ਇਨ੍ਹਾਂ ਵਿਚ ਮੰਤਰੀ ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸੋਢੀ, ਅਰੁਨਾ ਚੌਧਰੀ, ਸੰਸਦ ਮੈਂਬਰ ਗੁਰਜੀਤ ਔਜਲਾ, ਜਸਬੀਰ ਡਿੰਪਾ, ਮਨੀਸ਼ ਤਿਵਾੜੀ, ਵਿਧਾਇਕ ਫ਼ਤਿਹ ਬਾਜਵਾ, ਰਮਿੰਦਰ ਆਵਲਾ, ਕੁਲਦੀਪ ਸਿੰਘ ਵੈਦ ਦੇ ਨਾਂ ਜ਼ਿਕਰਯੋਗ ਹਨ। ਪਤਾ ਲੱਗਾ ਹੈ ਕਿ ਕੈਪਟਨ ਸਿੱਧੂ ਦੀ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਅਪਣੇ ਸਮਰਥਕਾਂ ਦੀ ਰਾਏ ਲੈ ਰਹੇ ਹਨ। ਹਾਈਕਮਾਨ ਨੂੰ ਅਪਣੀ ਸ਼ਕਤੀ ਵਿਖਾਉਣ ਦਾ ਵੀ ਯਤਨ ਹੈ।

ਸੁਖਜਿੰਦਰ ਰੰਧਾਵਾ ਦੀ ਕੋਠੀ ਵਿਚ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਬਾਰੇ ਕਈ ਤਰ੍ਹਾਂ ਦੇ ਚਰਚੇ
ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਰਾਵਤ ਦੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਵੀ ਵੱਡੀ ਹਿਲਜੁਲ ਪੈਦਾ ਹੋਈ ਹੈ। ਅੰਮ੍ਰਿਤਸਰ ਤੋਂ ਲੈ ਕੇ ਪਟਿਆਲਾ ਤਕ ਸਿੱਧੂ ਸਮਰਥਕ ਲੱਡੂ ਲੈ ਕੇ ਜਸ਼ਨ ਮਨਾਉਣ ਦੀ ਤਿਆਰੀ ਕਰਨ ਲੱਗੇ। ਕਾਂਗਰਸ ਦੇ ਨਰਾਜ਼ ਗਰੁਪ ਨਾਲ ਸਬੰਧਤ 4 ਮੰਤਰੀ ਤੇ 7 ਵਿਧਾਇਕ ਵੀ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀ ਚਰਚਾ ਬਾਅਦ ਹਾਈਕਮਾਨ ਦੇ ਐਲਾਨ ਦੀ ਉਡੀਕ ਵਿਚ ਸ਼ਾਮ ਵੇਲੇ ਸੈਕਟਰ 39 ਸਥਿਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਵਿਚ ਇਕੱਤਰ ਹੋਏ। ਨਵਜੋਤ ਸਿੱਧੂ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਕਰ ਕੇ ਕਈ ਤਰ੍ਹਾਂ ਦੇ ਚਰਚੇ ਹੋ ਰਹੇ ਹਨ।

ਇਨ੍ਹਾਂ ਵਿਚ ਮੰਤਰੀ ਤ੍ਰਿਪਤ ਬਾਜਵਾ, ਸੁੱਖ ਸਰਕਾਰੀਆ, ਚਰਨਜੀਤ ਚੰਨੀ ਤੋਂ ਇਲਾਵਾ ਵਿਧਾਇਕ ਕੁਲਬੀਰ ਜ਼ੀਰਾ, ਕਾਕਾ ਸੁਖਜੀਤ ਸਿੰਘ, ਬਰਿੰਦਰਮੀਤ ਪਾਹੜਾ, ਕੁਲਜੀਤ ਨਾਗਰਾ ਅਤੇ ਕੁਸ਼ਲਦੀਪ ਢਿੱਲੋਂ ਸ਼ਾਮਲ ਦਸੇ ਗਏ ਹਨ ਭਾਵੇਂ ਕਿ ਮੀਡੀਆ ਨੂੰ ਅੰਦਰ ਨਹੀਂ ਜਾਣ ਦਿਤਾ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਆਮ ਮੀਟਿੰਗ ਹੈ। ਇਸ ਤਰ੍ਹਾਂ ਦੀਆਂ ਮੀਟਿੰਗਾਂ ਉਹ ਪਹਿਲਾਂ ਵੀ ਕਰਦੇ ਰਹਿੰਦੇ ਹਨ ਜਿਸ ਵਿਚ ਪਾਰਟੀ ਮੁੱਦਿਆਂ ’ਤੇ ਗੱਲਬਾਤ ਹੁੰਦੀ ਹੈ। ਪਰ ਸੁਣਨ ਵਿਚ ਇਹੀ ਆਇਆ ਹੈ ਕਿ ਸਿੱਧੂ ਦੇ ਪ੍ਰਧਾਨ ਐਲਾਨੇ ਜਾਣ ਦੇ ਮੱਦੇਨਜ਼ਰ ਖ਼ੁਸ਼ੀ ਮਨਾਉਣ ਲਈ ਹੀ ਇਕੱਠੇ ਹੋਏ ਹਨ।

ਕੈਪਟਨ ਨੇ ਅਸਤੀਫ਼ੇ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇ ਦਿਤੇ ਜਾਣ ਦੀਆਂ ਖ਼ਬਰਾਂ ਦਾ ਉਨ੍ਹਾਂ ਖੰਡਨ ਕੀਤਾ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਨੇ ਕਿਹਾ ਕਿ ਨਾ ਹੀ ਕੋਈ ਅਸਤੀਫ਼ਾ ਦਿਤਾ ਹੈ ਅਤੇ ਨਾ ਹੀ ਹਾਈਕਮਾਨ ਨੂੰ ਕੋਈ ਅਜਿਹੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ 2017 ਵਾਂਗ ਕੈਪਟਨ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਨੂੰ ਜਿੱਤ ਦਿਵਾਉਣ ਲਈ ਕੰਮ ਕਰਨਗੇ।