‘ਜਥੇਦਾਰ ਜੀ’ ਬੇਅਦਬੀ ਮਸਲੇ ਨੂੰ ਹੱਥ ਪਾ ਰਹੇ ਹੋ ਤਾਂ ਅਸਲ ਦੋਸ਼ੀਆਂ ਨੂੰ ਨੰਗਾ ਜ਼ਰੂਰ ਕਰਿਉ : ਦੁਪਾਲਪ

ਏਜੰਸੀ

ਖ਼ਬਰਾਂ, ਪੰਜਾਬ

‘ਜਥੇਦਾਰ ਜੀ’ ਬੇਅਦਬੀ ਮਸਲੇ ਨੂੰ ਹੱਥ ਪਾ ਰਹੇ ਹੋ ਤਾਂ ਅਸਲ ਦੋਸ਼ੀਆਂ ਨੂੰ ਨੰਗਾ ਜ਼ਰੂਰ ਕਰਿਉ : ਦੁਪਾਲਪੁਰ

image

ਪੁਛਿਆ, ਕਿਸ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਦਿਤੀ ਮਾਫ਼ੀ ਅਤੇ ਖ਼ਰਚੇ 90 ਲੱਖ ਰੁਪਏ?
 

ਕੋਟਕਪੂਰਾ, 15 ਜੁਲਾਈ (ਗੁਰਿੰਦਰ ਸਿੰਘ) : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਸਲੇ ਨੂੰ ਹੱਥ ’ਚ ਲੈਣ ਲੱਗੇ ਹੋ ਤਾਂ ਇਸ ਦੀਆਂ ਜੜ੍ਹਾਂ ਫਰੋਲ ਕੇ ਅਸਲ ਦੋਸ਼ੀਆਂ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ ਨੰਗੇ ਜ਼ਰੂਰ ਕਰਿਉ। 
ਬੀਤੇ ਦਿਨ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਬਾਰੇ ਨਵੀਂ ਬਣੀ ‘ਸਿੱਟ’ ਵਲੋਂ ਪੁਆੜੇ ਦੀ ਜੜ੍ਹ ਸੌਦਾ ਸਾਧ ਦਾ ਨਾਮ ਚਲਾਨ ’ਚੋਂ ਕਥਿਤ ਤੌਰ ’ਤੇ ਕੱਟੇ ਜਾਣ ਦੀ ਨਿਖੇਧੀ ਕਰਨ ਵਾਲੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਉਤੇ ਪ੍ਰਤੀਕਰਮ ਦਿੰਦਿਆਂ ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਕ ਲਿਖਤੀ ਬਿਆਨ ਰਾਹੀਂ ‘ਜਥੇਦਾਰ’ ਨੂੰ ਮਸ਼ਵਰਾ ਦਿਤਾ ਹੈ ਕਿ ਉਹ ਇਸ ਅਤਿ-ਸੰਵੇਦਨਸ਼ੀਲ ਮੁੱਦੇ ਨਾਲ ਸਿਆਸੀ ਰੋਟੀਆਂ ਸੇਕਣ ਲਈ ਯਤਨਸ਼ੀਲ ਸਾਰੇ ਸਿਆਸਤਦਾਨਾਂ ਨੂੰ ਲੋਕਾਈ ਦੇ ਕਟਹਿਰੇ ’ਚ ਖੜੇ ਕਰਨ। 
ਸ. ਦੁਪਾਲਪੁਰ ਨੇ ਕਿਹਾ ਕਿ ਜੁਗੜਿਆਂ ਤੋਂ ਅਕਾਲੀ ਹਲਕਿਆਂ ਵਲੋਂ ਪੰਥ ਪੰਜਾਬ ਦੀ ‘ਦੁਸ਼ਮਣ ਨੰਬਰ ਇਕ’ ਗਰਦਾਨੀ ਜਾ ਰਹੀ ਕਾਂਗਰਸ ਪਾਰਟੀ ਦੀ ਪੰਜਾਬ ਹਕੂਮਤ ਵਲੋਂ ਬੇਅਦਬੀ ਮਸਲੇ ਬਾਰੇ ਨਵੀਂ ‘ਸਿੱਟ’ ਬਣਾਈ ਗਈ ਹੈ, ਸੋ ਇਸ ਪਾਰਟੀ ਵਲੋਂ ਬਣਾਈ ਐਸਆਈਟੀ ਵਲੋਂ ਸੌਦਾ ਸਾਧ ਨਾਲ ਰਿਆਇਤ ਵਰਤੇ ਜਾਣ ’ਤੇ ਸਵਾਲ ਉਠਾਉਣ ਵੇਲੇ ਇਹ ਵੀ ਧਿਆਨ ’ਚ ਰਖਿਆ ਜਾਵੇ ਕਿ ਇਸੇ ਅਖੌਤੀ ਬਾਬੇ ਦੀ ਫ਼ਰਜ਼ੀ ਚਿੱਠੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਪਹੁੰਚਾਈ ਗਈ ਸੀ ਜਿਸ ਦੇ ਆਧਾਰ ’ਤੇ ਸੌਦਾ ਸਾਧ ਨੂੰ ਮਾਫ਼ੀ ਦੇ ਦਿਤੀ ਗਈ ਸੀ। ਉਸ ਦੇ ਮਾਫ਼ੀਨਾਮੇ ਨੂੰ ਜਾਇਜ਼ ਦਰਸਾਉਣ ਪ੍ਰਚਾਰਨ ਵਾਸਤੇ ਗੁਰੂ ਕੀ ਗੋਲਕ ’ਚੋਂ 90 ਲੱਖ ਰੁਪਏ ਤੋਂ ਜ਼ਿਆਦਾ ਦੇ ਇਸ਼ਤਿਹਾਰ ਛਪਵਾਏ ਗਏ ਸਨ। ਵਿਸ਼ਵ ਭਰ ’ਚ ਵਸਦੀ ਗੁਰੂ ਨਾਨਕ ਨਾਮਲੇਵਾ ਸੰਗਤ ਦੀ ਚਿਰੋਕਣੀ ਮੰਗ ਹੈ ਕਿ ਮੌਜੂਦਾ ਹਕੂਮਤ ਵਲੋਂ ਬੇਅਦਬੀ ਦਾ ਇਨਸਾਫ਼ ਨਾ ਦਿਤੇ ਜਾਣ ਕਾਰਨ ਬੇਸ਼ਕ ਉਸ ਦੇ ਬਖੀਏ ਉਧੇੜੇ ਜਾਣ ਪਰ ਇਸ ਦੇ ਨਾਲ-ਨਾਲ ਜਿਨ੍ਹਾਂ ਦੇ ਰਾਜ ਵਿਚ ਇਹ ਸਾਰਾ ਕੁੱਝ ਵਾਪਰਿਆ ਅਤੇ ਸੱਤਾ ਦੇ ਨਸ਼ੇ ’ਚ ਪੰਥਕ ਰਵਾਇਤਾਂ ਦੀ ਘੋਰ ਮਿੱਟੀ ਪਲੀਤ ਕੀਤੀ ਗਈ, ਉਸ ਮੌਕੇ ਦੀ ਹਕੀਕਤ ਤੋਂ ਵੀ ਪਰਦੇ ਚੁੱਕੇ ਜਾਣੇ ਚਾਹੀਦੇ ਹਨ।
ਸਿਆਸਤਦਾਨਾਂ ਵਲੋਂ ਵੋਟ-ਬੈਂਕ ਮੰਨੇ ਜਾਂਦੇ ਚਰਿੱਤਰਹੀਣ ਸੌਦਾ ਸਾਧ ਦਾ ਨਾਂਅ ਚਲਾਨ ’ਚੋਂ ਕੱਟੇ ਜਾਣ ਨਾਲੋਂ ਵੀ ਵੱਡਾ ਗੁਨਾਹ ਉਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ ਕਰਨਾ ਸੀ, ਜਿਸ ਦੀ ਅਸਲੀਅਤ ਜੱਗ ਜ਼ਾਹਰ ਕਰਨ ਤੋਂ ਬਿਨਾਂ ਬੇਅਦਬੀ ਮਸਲਾ ਕਿਸੇ ਤਣ-ਪੱਤਣ ਨਹੀਂ ਲੱਗਣਾ। ‘ਜਥੇਦਾਰ’ ਵਲੋਂ 16 ਜੁਲਾਈ ਨੂੰ ਸੱਦੀ ਗਈ ਮੀਟਿੰਗ ’ਚ ਜਾਣ ਵਾਲੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਆਗੂਆਂ ਨੂੰ ਵੀ ਅਪੀਲ ਕਰਦਿਆਂ ਸ. ਦੁਪਾਲਪੁਰ ਨੇ ਆਖਿਆ ਕਿ ਉਹ ਸਾਰੇ ਉਕਤ ਸਵਾਲਾਂ ਨੂੰ ਧਿਆਨ ਵਿਚ ਰੱਖਣ।