ਸ਼੍ਰੋਮਣੀ ਅਕਾਲੀ ਦਲ ਨੇ ‘ਹਿੰਦੂ ਪੱਤਾ’ ਖੇਡਣ ਦਾ ਫ਼ੈਸਲਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਡਿਪਟੀ ਮੁੱਖ ਮੰਤਰੀ ਹੋਣਗੇ, ਇਕ ਦਲਿਤ, ਦੂਜਾ ਹਿੰਦੂ

Sukhbir Badal

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪੰਜਾਬ ਵਿਧਾਨ ਸਭਾ ਲਈ ਜਨਵਰੀ 2022 ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਐਤਕੀਂ ਗੱਜ ਵੱਜ ਕੇ ‘ਹਿੰਦੂ ਪੱਤਾ’ ਖੇਡਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਵਲੋਂ ਦਲਿਤ ਮੁੱਖ ਮੰਤਰੀ ਬਣਾਉਣ ਦੇ ਐਲਾਨ ਮਗਰੋਂ ਇਕ ਡਿਪਟੀ ਮੁੱਖ ਮੰਤਰੀ ਤੇ ਦੂਜਾ ‘ਹਿੰਦੂ ਮੁੱਖ ਮੰਤਰੀ’ ਬਣਾਉਣ ਦਾ ਨਵਾਂ ਐਲਾਨ ਕਰਦਿਆਂ ਦਲ ਦੀ ਕੋਰ ਕਮੇਟੀ ਨੇ ਇਤਿਹਾਸ ਵਿਚ ਪਹਿਲੀ ਵਾਰੀ ਨਿਰੋਲ ਸਿੱਖੀ ਸੋਚ ਦੇ ਨਾਲ ਨਾਲ ਪੰਜਾਬ ਦੀ ਸਿਆਸੀ ਸਥਿਤੀ ਨੂੰ ਭਾਂਪਦਿਆਂ ਗ਼ੈਰ ਸਿੱਖ ਬਰਾਦਰੀਆਂ ਨੂੰ ਭਰਮਾਉਣ ਦੀ ਨਿਵੇਕਲੀ ਕੋਸ਼ਿਸ਼ ਕੀਤੀ।

ਇਥੇ ਮੁੱਖ ਦਫ਼ਤਰ ਵਿਚ ਡੇਢ ਘੰਟਾ ਕੋਰ ਕਮੇਟੀ ਬੈਠਕ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫ਼ਰੰਸ ਵਿਚ ਵੱਡੇ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ 100 ਸਾਲਾ ਕੁਰਬਾਨੀਆਂ ਦੇ ਇਤਿਹਾਸ ਦਾ ਵੇਰਵਾ ਦੇ ਕੇ ਦਸਿਆ ਕਿ ਕਿਵੇਂ ਇਸ ਸਿੱਖ ਪਾਰਟੀ ਨੇ ਦੁਰਗਿਆਣਾ ਮੰਦਰ, ਰਾਮ ਤੀਰਥ, ਵਾਰਾਨਸੀ ਤੇ ਹੋਰ ਤੀਰਥ ਸਥਾਨਾਂ ਦੇ ਨਿਰਮਾਣ ’ਤੇ ਕਰੋੜਾਂ ਦਾ ਖ਼ਰਚਾ ਕੀਤਾ, ਭਾਈਚਾਰਕ ਸਾਂਝ ਬਣਾ ਕੇ ਰੱਖੀ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕਿਹਾ ਕਿ ਵੱਡੇ ਬਾਦਲ ਦੀ ਸਰਪ੍ਰਸਤੀ ਵਿਚ ਐਤਕੀ ਚੋਣਾਂ ਵਿਚ ਵੱਧ ਤੋਂ ਵੱਧ ਹਿੰਦੂ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ ਅਤੇ ਸਰਕਾਰ ਬਣਨ ’ਤੇ ਇਕ ਦਲਿਤ ਤੇ ਦੂਜਾ, ਉਪ ਮੁੱਖ ਮੰਤਰੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਰੇ ਧਰਮਾਂ, ਬਰਾਦਰੀਆਂ ਤੇ ਭਾਈਚਾਰੇ ਦੀ ਕਦਰ ਕਰਦਾ ਹੇ ਅਤੇ ਇਸ ਸਰਹੱਦੀ ਸੂਬੇ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਯਤਨ ਕਰਦਾ ਰਹੇਗਾ।

2 ਦਿਨਾਂ ਬਾਅਦ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਬਾਰੇ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਮਿਲ ਕੇ ਕਿਸਾਨੀ ਸੰਘਰਸ਼ ਦੇ ਮੁੱਦੇ ’ਤੇ ਕੰਮ ਰੋਕੂ ਪ੍ਰਸਤਾਵ, ਲੋਕ ਸਭਾ ਜਾਂ ਰਾਜ ਸਭਾ ਵਿਚ ਲਿਆਵੇਗਾ, ਜਿਸ ਦਾ ਮਤਲਬ ਬਾਕੀ ਸਾਰੇ ਕੰਮ ਛੱਡ ਕੇ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ, ਕਿਸਾਨ ਅੰਦੋਲਨ ਨਾਲ ਜੁੜੇ ਸਾਰੇ ਪੂਰਨ ਪ੍ਰਸਤਾਵ ’ਤੇ ਬਹਿਸ ਕਰਵਾਈ ਜਾਵੇ। ਸੁਖਬੀਰ ਬਾਦਲ ਨੇ ਬਾਕੀ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੇ ਮੈਂਬਰ ਅਕਾਲੀ ਦਲ ਦਾ ਸਾਥ ਦੇਣ।

ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਅਕਾਲੀ ਦਲ ਦੇ 2 ਐਮ.ਪੀ., ਸੁਖਬੀਰ ਤੇ ਹਰਸਿਮਰਤ ਕੌਰ ਹਨ ਅਤੇ ਰਾਜ ਸਭਾ ਵਿਚ ਬਲਵਿੰਦਰ ਭੂੰਦੜ, ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਹਨ। ਅੱਜ ਦੀ ਕੋਰ ਕਮੇਟੀ ਬੈਠਕ ਵਿਚ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਮਾਨ, ਜਗਮੀਤ ਬਰਾੜ, ਮਹੇਸ਼ਇੰਦਰ ਗਰੇਵਾਲ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਨਿਰਮਲ ਕਾਹਲੋਂ, ਡਾ. ਦਿਲਜੀਤ ਚੀਮਾ, ਹੀਰਾ ਸਿੰਘ ਗਾਬੜੀਆ ਆਦਿ ਸ਼ਾਮਲ ਸਨ।