ਪੰਜਾਬ ਪੁਲਿਸ ਦੀ ਸੂਹ 'ਤੇ ਹੁਣ ਮੁੰਬਈ ਦੀ ਨਾਹਵਾ ਸੇਵਾ ਬੰਦਰਗਾਹ ਤੋਂ 73 ਕਿਲੋ ਹੈਰੋਇਨ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੀ ਸੂਹ 'ਤੇ ਹੁਣ ਮੁੰਬਈ ਦੀ ਨਾਹਵਾ ਸੇਵਾ ਬੰਦਰਗਾਹ ਤੋਂ 73 ਕਿਲੋ ਹੈਰੋਇਨ ਬਰਾਮਦ

image

 


ਪੰਜਾਬ ਅਤੇ ਮਹਾਰਾਸ਼ਟਰ ਪੁਲਿਸ ਨੇ ਸਾਂਝੇ ਆਪਰੇਸ਼ਨ ਉਪਰੰਤ ਕੀਤੀ ਬਰਾਮਦਗੀ

ਚੰਡੀਗੜ੍ਹ, 15 ਜੁਲਾਈ (ਭੱੁਲਰ) : ਨਸ਼ਿਆਂ ਵਿਰੁਧ ਜਾਰੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਇਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੰਬਈ ਦੇ ਨਹਾਵਾ ਸੇਵਾ ਬੰਦਰਗਾਹ ਵਿਖੇ ਇਕ ਕੰਟੇਨਰ ਤੋਂ ਲਗਭਗ 73 ਕਿਲੋਗ੍ਰਾਮ ਹੈਰੋਇਨ ਦੀ ਇਕ ਹੋਰ ਵੱਡੀ ਖੇਪ ਬਰਾਮਦ ਕੀਤੀ ਗਈ ਹੈ |
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇਥੇ ਦਸਿਆ ਕਿ ਯੂਏਈ ਤੋਂ ਹੈਰੋਇਨ ਦੀ ਤਸਕਰੀ ਸਬੰਧੀ ਮਿਲੀ ਖੁਫੀਆ ਜਾਣਕਾਰੀ ਮਿਲਣ ਉਪਰੰਤ ਪੰਜਾਬ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਦੀਆਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਗਈ |
ਪੰਜਾਬ ਪੁਲਿਸ ਵਲੋਂ ਇਹ ਵੱਡੀ ਖੇਪ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਇਕ ਕੰਟੇਨਰ ਤੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਬਰਾਮਦ ਕੀਤੀ ਗਈ ਹੈ | ਇਸ ਬਰਾਮਦਗੀ ਨਾਲ ਪੰਜਾਬ ਪੁਲਿਸ ਨੇ ਤਿੰਨ ਦਿਨਾਂ ਅੰਦਰ ਕੁਲ 148 ਕਿਲੋ ਹੈਰੋਇਨ ਬਰਾਮਦ ਕੀਤੀ ਹੈ |
ਡੀਜੀਪੀ ਨੇ ਕਿਹਾ ਕਿ ਦਿੱਲੀ ਅਧਾਰਤ ਦਰਾਮਦਕਾਰ 'ਨੰਦਨੀ ਟਰੇਡਰਜ਼' ਵਲੋਂ ਦਰਾਮਦ ਕੀਤੇ ਗਏ ਚਿੱਟੇ ਸੰਗਮਰਮਰ ਦੀਆਂ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜੇ ਦੇ ਬਾਰਡਰ ਵਿਚ ਨਸ਼ੀਲੇ ਪਦਾਰਥਾਂ ਨੂੰ  ਛੁਪਾ ਕੇ ਰਖਿਆ ਗਿਆ ਸੀ | ਇਸ ਨਸ਼ੀਲੇ ਪਦਾਰਥ ਨੂੰ  ਛੁਪਾਉਣ ਉਪਰੰਤ ਮੁਲਜ਼ਮਾਂ ਨੇ ਦਰਵਾਜੇ ਦੀ ਬਾਰਡਰ ਨੂੰ  ਬੜੀ ਸਾਵਧਾਨੀ ਨਾਲ ਵੇਲਡ ਕਰ ਕੇ ਇਸ ਨੂੰ  ਦੁਬਾਰਾ ਪੇਂਟ ਕੀਤਾ | ਉਨ੍ਹਾਂ ਨੇ ਇਸ ਬਰਾਮਦਗੀ ਨੂੰ  ਪੰਜਾਬ ਪੁਲਿਸ ਦੀ ਇਕ ਹੋਰ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਬਰਾਮਦਗੀ ਨਸ਼ਿਆਂ ਵਿਰੁਧ ਚੱਲ ਰਹੀ ਮੁਹਿੰਮ ਦੀ ਨਿਰੰਤਰਤਾ ਵਿਚ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁਧ ਇਹ ਜੰਗ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਸੂਹ ਮਿਲਣ ਉਪਰੰਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਐਸ.ਏ.ਐਸ. ਨਗਰ ਨੇ ਤੁਰਤ ਇਕ ਪੁਲਿਸ ਟੀਮ ਨੂੰ  ਮੁੰਬਈ ਭੇਜਿਆ ਅਤੇ ਨਾਹਵਾ ਸੇਵਾ ਬੰਦਰਗਾਹ 'ਤੇ ਤਾਇਨਾਤ ਕਰ ਦਿਤਾ |
ਡੀਜੀਪੀ ਨੇ ਕਿਹਾ ਕਿ ਮਹਾਰਾਸ਼ਟਰ ਪੁਲਿਸ ਦੁਆਰਾ ਉਚਿਤ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਦੀ ਪਾਲਣਾ ਕਰਨ ਤੋਂ ਬਾਅਦ, ਕੰਟੇਨਰ ਨੂੰ  ਖੋਲਿ੍ਹਆ ਗਿਆ, ਜਿਸ ਤੋਂ 73 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ | ਉਨ੍ਹਾਂ ਕਿਹਾ ਕਿ ਪੁਲਿਸ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |