ਸਿਮਰਨਜੀਤ ਮਾਨ ਦੇ ਬਿਆਨ ’ਤੇ ਰਵਨੀਤ ਬਿੱਟੂ ਦਾ ਟਵੀਟ, ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਨੇ ਟਵੀਟ ਜ਼ਰੀਏ ਮਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

Ravneet Bittu and Simranjit Singh Mann

ਚੰਡੀਗੜ੍ਹ: ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਸ਼ਹੀਦ ਭਗਤ ਸਿੰਘ ਬਾਰੇ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਮਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਬਿੱਟੂ ਨੇ ਕਿਹਾ ਕਿ ਸਿਮਰਨਜੀਤ ਮਾਨ ਨੂੰ ਸੰਸਦ ਮੈਂਬਰ ਬਣਾ ਕੇ ਅੱਜ ਸੰਗਰੂਰ ਵਾਲੇ ਪਛਤਾਉਂਦੇ ਹੋਣਗੇ। ਰਵਨੀਤ ਬਿੱਟੂ ਨੇ ਟਵੀਟ ਕੀਤਾ, “ਅਸੀਂ ਆਪਣੀ ਆਜ਼ਾਦੀ  ਲਈ ਭਗਤ ਸਿੰਘ ਵਰਗੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਰਿਣੀ ਹਾਂ। ਉਹਨਾਂ ਨੂੰ ਅੱਤਵਾਦੀ ਕਹਿ ਕੇ ਸਿਮਰਨਜੀਤ ਸਿੰਘ ਮਾਨ ਨੇ ਅੰਗਰੇਜ਼ਾਂ ਦੀ ਜ਼ੁਬਾਨ ਬੋਲੀ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਮਾਨ ਖਿਲਾਫ਼ ਦੇਸ਼ਧ੍ਰੋਹ ਅਤੇ ਵਿਸ਼ਵਾਤਘਾਤ ਦਾ ਮਾਮਲਾ ਦਰਜ ਕੀਤਾ ਜਾਵੇ”।

Simranjit Mann

ਰਵਨੀਤ ਬਿੱਟੂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲੇ ਗੋਰੇ ਵੀ ਅੱਜ ਆਪਣੇ ਸ਼ਬਦਾਂ ਲਈ ਮੁਆਫੀ ਮੰਗਣਾ ਚਾਹੁੰਦੇ ਹਨ। ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਨੇ ਲੋਕਾਂ ਨੂੰ ਠੇਸ ਪਹੁੰਚਾਈ ਹੈ। ਮਾਨ ਦੇ ਇਸ ਬਿਆਨ ਨਾਲ ਸਾਡੇ ਬੱਚਿਆਂ ਵਿਚ ਗਲਤ ਸੰਦੇਸ਼ ਜਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਜਿਹੜੀ ਭਾਸ਼ਾ ਬੋਲਦੇ ਸਨ, ਉਹ ਅੱਜ ਸਿਮਰਨਜੀਤ ਮਾਨ ਸ਼ਹੀਦ ਭਗਤ ਸਿੰਘ ਬਾਰੇ ਕਹਿ ਰਹੇ ਹਨ।

Tweet

ਸਿਆਸੀ ਆਗੂਆਂ ਤੋਂ ਇਲਾਵਾ ਮਨੋਰੰਜਨ ਜਗਤ ਦੇ ਸਿਤਾਰੇ ਵੀ ਮਾਨ ਦੇ ਬਿਆਨ ’ਤੇ ਪ੍ਰਤੀਕਿਰਿਆ ਦੇ ਰਹੇ ਹਨ। ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਮਰਿਆਦਾ ’ਚ ਰਹਿ ਕੇ ਸ਼ਹੀਦਾਂ ਬਾਰੇ ਬੋਲਣਾ ਚਾਹੀਦਾ ਹੈ। ਉਹਨਾਂ ਲਿਖਿਆ, “ਅਸੀਂ ਸਿਮਰਨਜੀਤ ਸਿੰਘ ਮਾਨ ਦੀ ਇੱਜ਼ਤ ਕਰਦੇ ਹਾਂ ਪਰ ਸ਼ਹੀਦ ਭਗਤ ਸਿੰਘ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਕ ਵਾਰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਕਿ ਅੱਜ ਜਿਸ ਤਰ੍ਹਾਂ ਉਹ ਖੁੱਲ੍ਹ ਕੇ ਬੋਲ ਰਹੇ ਨੇ ਉਹ ਆਜ਼ਾਦੀ ਭਗਤ ਸਿੰਘ ਤੇ ਉਧਮ ਸਿੰਘ ਵਰਗੇ ਸ਼ਹੀਦਾਂ ਦੀ ਹੀ ਦੇਣ ਹੈ”। ਬਿੱਟੂ ਨੇ ਕਿਹਾ ਕਿ ਜੇਕਰ ਭਗਤ ਸਿੰਘ ਅੱਤਵਾਦੀ ਹੈ ਤਾਂ ਸਿਮਰਨਜੀਤ ਮਾਨ ਨੇ ਹਜ਼ਾਰਾਂ ਲੋਕ ਮਰਵਾ ਦਿੱਤੇ, ਤੁਹਾਨੂੰ ਕੀ ਕਹੀਏ? ਸੰਸਦ ਮੈਂਬਰ ਨੇ ਕਿਹਾ ਕਿ ਹਰ ਪੁਲਿਸ ਸਟੇਸ਼ਨ ਵਿਚ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਬਿਆਨ ਦਾ ਦੇਵੇ। 

Post

ਸਿਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਬਾਰੇ ਕੀ ਕਿਹਾ?

ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਕਿਹਾ, ‘ਭਗਤ ਸਿੰਘ ਨੇ ਇਕ ਅੰਗਰੇਜ਼ ਨੌਜਵਾਨ, ਇਕ ਅਫ਼ਸਰ ਅਤੇ ਇਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਨੂੰ ਮਾਰਿਆ ਸੀ। ਨੈਸ਼ਨਲ ਅਸੈਂਬਲੀ 'ਤੇ ਬੰਬ ਸੁੱਟਿਆ ਸੀ। ਤੁਸੀਂ ਦੱਸੋ ਕਿ ਭਗਤ ਸਿੰਘ ਅੱਤਵਾਦੀ ਹੈ ਜਾਂ ਭਗਤ। ਨਿਰਦੋਸ਼ ਲੋਕਾਂ ਨੂੰ ਮਾਰਨਾ ਅਤੇ ਸੰਸਦ ਵਿਚ ਬੰਬ ਸੁੱਟਣਾ ਸ਼ਰਾਫ਼ਤ ਦੀ ਗੱਲ ਹੈ। ਜੋ ਮਰਜ਼ੀ ਹੋਵੇ, ਭਗਤ ਸਿੰਘ ਅੱਤਵਾਦੀ ਤਾਂ ਹੈ’।