ਕੈਨੇਡਾ 'ਚ ਸਿੱਖ ਆਗੂ ਤੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਕੈਨੇਡਾ 'ਚ ਸਿੱਖ ਆਗੂ ਤੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕਤਲ

image

ਦਫ਼ਤਰ ਤੋਂ ਘਰ ਜਾਂਦੇ ਸਮੇਂ ਹੋਇਆ ਹਮਲਾ

ਸਰੀ, 15 ਜੁਲਾਈ : ਏਅਰ ਇੰਡੀਆ ਬੰਬ ਧਮਾਕੇ ਦੇ ਕੇਸ 'ਚੋਂ ਬਰੀ ਹੋਏ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਵੈਨਕੂਵਰ ਵਿਚ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਗਈ | ਰਿਪੁਦਮਨ ਦਾ ਜਦੋਂ ਕਤਲ ਕੀਤਾ ਗਿਆ ਤਾਂ ਉਹ ਅਪਣੇ ਦਫ਼ਤਰ ਤੋਂ ਘਰ ਜਾ ਰਹੇ ਸਨ | ਇਸ ਸਾਲ ਜਨਵਰੀ ਵਿਚ ਰਿਪੁਦਮਨ ਸਿੰਘ ਨੇ ਪੀਐਮ ਮੋਦੀ ਦੀ ਤਾਰੀਫ਼ ਕੀਤੀ ਸੀ | ਇਸ ਦੇ ਨਾਲ ਹੀ ਮੋਦੀ ਸਰਕਾਰ ਵਲੋਂ ਸਿੱਖ ਕੌਮ ਲਈ ਚੁੱਕੇ ਗਏ ਕਦਮਾਂ ਲਈ ਧਨਵਾਦ ਕੀਤਾ ਸੀ |
ਸਰੀ ਦੀ 128 ਸਟਰੀਟ ਦੇ 82-ਬਲਾਕ 'ਚ ਵੀਰਵਾਰ ਸਵੇਰੇ ਕਰੀਬ 9.26 'ਤੇ ਹਮਲਾਵਰ ਨੇ ਰਿਪੁਦਮਨ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ | ਮੀਡੀਆ ਰਿਪੋਰਟਾਂ ਅਨੁਸਾਰ ਹਮਲਾਵਰ ਇਕ ਕਾਰ ਵਿਚ ਆਏ ਸਨ | ਉਨ੍ਹਾਂ ਨੇ ਕੁਝ ਦੂਰੀ 'ਤੇ ਕਾਰ ਪਾਰਕ ਕੀਤੀ ਅਤੇ ਫਿਰ ਬਾਈਕ 'ਤੇ ਸਵਾਰ ਹੋ ਗਏ | ਰਿਪੁਦਮਨ ਸਿੰਘ ਅਪਣੇ ਪਿੱਛੇ ਅਪਣੀ ਪਤਨੀ ਅਤੇ ਪੰਜ ਬੱਚੇ ਛੱਡ ਗਏ ਹਨ |
ਖ਼ਾਲਸਾ ਸਕੂਲ ਕੈਨੇਡਾ ਦੇ ਮੁਖੀ, ਖ਼ਾਲਸਾ ਕ੍ਰੈਡਿਟ ਯੂਨੀਅਨ ਦੇ ਸੰਸਥਾਪਕ ਰਿਪੁਦਮਨ ਸਿੰਘ ਮਲਿਕ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ  ਲਿਖੇ ਇਕ ਪੱਤਰ ਵਿਚ ਮੌਜੂਦਾ ਭਾਰਤ ਸਰਕਾਰ ਵਲੋਂ ਸਿੱਖਾਂ ਪ੍ਰਤੀ ਕੀਤੇ ਜਾ ਰਹੇ ਕੰਮਾਂ ਲਈ ਧਨਵਾਦ ਪ੍ਰਗਟਾਇਆ ਸੀ | ਰਿਪੁਦਮਨ ਸਿੰਘ ਬਰੀ ਹੋਣ ਤੋਂ ਬਾਅਦ ਵੀ ਕਾਲੀ ਸੂਚੀ ਵਿਚ ਸਨ ਪਰ ਜਦੋਂ ਮੋਦੀ ਸਰਕਾਰ ਨੇ ਕਾਲੀ ਸੂਚੀ ਨੂੰ  ਖ਼ਤਮ ਕੀਤਾ ਤਾਂ ਰਿਪੁਦਮਨ ਸਿੰਘ ਭਾਰਤ ਦੌਰੇ 'ਤੇ ਆਏ ਸਨ |
ਰੌਇਲ ਕੈਨੇਡਾ ਮਾਊਾਟਿਡ ਪੁਲਿਸ ਇਸ ਨੂੰ  ਨਿਸ਼ਾਨਾ ਮਿੱਥ ਕੇ ਕਤਲ ਕਰਨ ਦਾ ਮਾਮਲਾ ਦੱਸ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਇਕ ਸ਼ੱਕੀ ਵਾਹਨ ਨੂੰ  ਕੁਝ ਹੀ ਪਲਾਂ ਬਾਅਦ ਅੱਗ ਲਗਾ ਦਿਤੀ ਗਈ | ਪੁਲਿਸ ਘਟਨਾ ਵਿਚ ਵਰਤੇ ਗਏ ਇਕ ਹੋਰ ਵਾਹਨ ਅਤੇ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ 23 ਜੂਨ 1985 ਨੂੰ  ਵਾਪਰੇ ਏਅਰ ਇੰਡੀਆ 182 ਬੰਬ ਧਮਾਕੇ ਵਿਚ ਮੁਖ ਮੁਲਜ਼ਮ ਸਨ | ਕੈਨੇਡਾ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ  ਸਾਲ 2005 ਵਿਚ ਸਾਜ਼ਸ਼ ਅਤੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿਤਾ ਸੀ |     
    (ਏਜੰਸੀ)