ਸੋਨੀਆ ਗਾਂਧੀ ਨੇ ਮੋਦੀ ਨੂੰ ਘੇਰਨ ਲਈ ਪਟੇਲ ਨੂੰ ਜ਼ਰੀਆ ਬਣਾਇਆ ਸੀ

ਏਜੰਸੀ

ਖ਼ਬਰਾਂ, ਪੰਜਾਬ

ਸੋਨੀਆ ਗਾਂਧੀ ਨੇ ਮੋਦੀ ਨੂੰ ਘੇਰਨ ਲਈ ਪਟੇਲ ਨੂੰ ਜ਼ਰੀਆ ਬਣਾਇਆ ਸੀ

image

ਨਵੀਂ ਦਿੱਲੀ, 16 ਜੁਲਾਈ : ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਗੁਜਰਾਤ ’ਚ 2002 ਦੇ ਦੰਗੇ ਮਾਮਲਿਆਂ ’ਚ ਰਾਜ ਦੇ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਫਸਾਉਣ ਦੀ ‘ਸਾਜ਼ਸ਼’ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਸ਼ਾਮਲ’ ਸੀ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਗਾਂਧੀ ਦੇ ਸਿਆਸੀ ਸਲਾਹਕਾਰ ਅਤੇ ਪ੍ਰਮੁੱਖ ਕਾਂਗਰਸੀ ਆਗੂ ਮਰਹੂਮ ਅਹਿਮਦ ਪਟੇਲ ਹੀ ਇਕ ਮਾਧਿਅਮ ਸੀ ਜਿਸ ਰਾਹੀਂ ਉਨ੍ਹਾਂ ਨੇ ਸੂਬੇ ਵਿਚ ਭਾਜਪਾ ਸਰਕਾਰ ਨੂੰ ਅਸਥਿਰ ਕਰਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਸਿਆਸੀ ਕਰੀਅਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸੋਨੀਆ ਗਾਂਧੀ ਨੂੰ ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਾ ਚਾਹੀਦਾ ਹੈ।
ਸੱਤਾਧਾਰੀ ਪਾਰਟੀ ਨੇ ਸੋਨੀਆ ਗਾਂਧੀ ’ਤੇ ਉਦੋਂ ਨਿਸ਼ਾਨਾ ਸਾਧਿਆ ਜਦ ਇਕ ਦਿਨ ਪਹਿਲਾਂ ਗੁਜਰਾਤ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਗਿ੍ਰਫ਼ਤਾਰ ਕਾਰਕੁਨ ਤੀਸਤਾ ਸੇਤਲਵਾੜ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਅਦਾਲਤ ਵਿਚ ਇਕ ਹਲਫਨਾਮੇ ’ਚ ਦਾਅਵਾ ਕੀਤਾ ਕਿ ਉਹ 2002 ਦੇ ਦੰਗਿਆਂ ਬਾਅਦ ਰਾਜ ਸਰਕਾਰ ਨੂੰ ਡੇਗਣ ਲਈ ਪਟੇਲ ਵਲੋਂ ਰਚੀ ਵੱਡੀ ਸਾਜ਼ਸ਼ ਦੀ ਹਿੱਸਾ ਸੀ।     
ਇਸ ਦੇ ਨਾਲ ਹੀ ਕਾਂਗਰਸ ਨੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਦੇ ਦੋਸ਼ਾਂ ਦਾ ਜਵਾਬ ਦਿਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕਾਂਗਰਸ ਅਹਿਮਦ ਪਟੇਲ ’ਤੇ ਲਗਾਏ ਗਏ ਸ਼ਰਾਰਤੀ ਦੋਸ਼ਾਂ ਦਾ ਖੰਡਨ ਕਰਦੀ ਹੈ। ਇਹ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਹੋਏ ਫਿਰਕੂ ਕਤਲੇਆਮ ਲਈ ਕਿਸੇ ਵੀ ਜ਼ਿੰਮੇਵਾਰੀ ਤੋਂ ਅਪਣੇ ਆਪ ਨੂੰ ਮੁਕਤ ਕਰਨ ਦੀ ਪ੍ਰਧਾਨ ਮੰਤਰੀ ਦੀ ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਿਆਸੀ ਬਦਲਾਖੋਰੀ ਸਪੱਸ਼ਟ ਤੌਰ ’ਤੇ ਉਨ੍ਹਾਂ ਮਿ੍ਰਤਕਾਂ ਨੂੰ ਵੀ ਨਹੀਂ ਬਖਸਦੀ ਜੋ ਉਨ੍ਹਾਂ ਦੇ ਸਿਆਸੀ ਵਿਰੋਧੀ ਸਨ। ਇਹ  ਅਪਣੇ ਸਿਆਸੀ ਆਕਾ ਦੇ ਇਸ਼ਾਰੇ ’ਤੇ ਨੱਚ ਰਹੀ ਹੈ ਅਤੇ ਜਿਥੇ ਕਹੇਗੀ ਉੱਥੇ ਬੈਠੇਗੀ। ਅਸੀਂ ਜਾਣਦੇ ਹਾਂ ਕਿ ਕਿਵੇਂ ਸਾਬਕਾ ਐਸਆਈਟੀ ਮੁਖੀ ਨੂੰ ਮੁੱਖ ਮੰਤਰੀ ਨੂੰ ‘ਕਲੀਨ ਚਿੱਟ’ ਦੇਣ ਤੋਂ ਬਾਅਦ ਕੂਟਨੀਤਕ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ ਸੀ।  
ਇਸ ਦਾ ਜਵਾਬ ਦਿੰਦਿਆਂ ਪਾਤਰਾ ਨੇ ਕਾਂਗਰਸ ਦੇ ਬਿਆਨ ਨੂੰ ਸ਼ਰਾਰਤੀ ਕਰਾਰ ਦਿਤਾ ਅਤੇ ਪੁੱਛਿਆ ਕਿ ਕੀ ਉਹ ਵੀ ਉਦੋਂ ਦਬਾਅ ਹੇਠ ਸੀ ਜਦੋਂ ਸੁਪਰੀਮ ਕੋਰਟ ਨੇ ਸੀਤਲਵਾੜ ਅਤੇ ਹੋਰ ਦੋਸ਼ੀਆਂ ਦੀ ਆਲੋਚਨਾ ਕੀਤੀ ਸੀ।
ਭਾਜਪਾ ਆਗੂ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਵੱਖ-ਵੱਖ ਤਰ੍ਹਾਂ ਦੇ ਇਨਕਾਰੀ ਬਿਆਨ ਤਿਆਰ ਕਰ ਰਹੀ ਹੈ ਅਤੇ ਤਰੀਕ ਬਦਲ ਕੇ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸੋਨੀਆ ਗਾਂਧੀ ਇੱਕ ਪ੍ਰੈਸ ਕਾਨਫਰੰਸ ਬੁਲਾਵੇ ਅਤੇ ਰਾਸ਼ਟਰ ਨੂੰ ਸੰਬੋਧਤ ਕਰੇ ਕਿ ਉਸਨੇ ਮੋਦੀ ਵਿਰੁਧ ਸਾਜ਼ਸ਼ ਕਿਉਂ ਰਚੀ।’’ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਪਟੇਲ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ ਕਿਉਂਕਿ ਉਹ ਸਿਰਫ਼ ਇਕ ਜ਼ਰੀਆ ਸਨ ਜਿਸ ਰਾਹੀਂ ਸੋਨੀਆ ਗਾਂਧੀ ਨੇ ਅਪਣਾ ਕੰਮ ਕੀਤਾ ਸੀ।
ਪਾਤਰਾ ਨੇ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਨੇ ਅਪਣੇ ਬੇਟੇ ਰਾਹੁਲ ਗਾਂਧੀ ਨੂੰ ਅੱਗੇ ਵਧਾਉਣ ਲਈ ਗੁਜਰਾਤ ਦੀ ਅਕਸ ਖ਼ਰਾਬ ਕਰਨ ਤੇ ਮੋਦੀ ਅਤੇ ਭਾਜਪਾ ਨੂੰ ਬਰਬਾਦ ਕਰਨ ਦੇ ਉਦੇਸ਼ ਨਾਲ ਉਨ੍ਹਾਂ ਕਿਨਾਰੇ ਕਰਨ ਦੀ ਸਾਜ਼ਸ਼ ਰਚੀ। ਉਨ੍ਹਾਂ ਨੇ ਐਸਆਈਟੀ ਦੇ ਹਲਫਨਾਮੇ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਪਟੇਲ ਨੇ ਸੀਤਲਵਾੜ ਨੂੰ ਅਪਣੇ ਨਿਜੀ ਵਰਤੋਂ ਲਈ 30 ਲੱਖ ਰੁਪਏ ਦਿਤੇ ਸਨ। ਉਸ ਨੇ ਦੋਸ਼ ਲਾਇਆ, ‘‘ਪਟੇਲ ਨੇ ਸਿਰਫ਼ ਪੈਸੇ ਦਿਤੇ ਸਨ। ਸੋਨੀਆ ਗਾਂਧੀ ਨੇ ਇਹ ਪੈਸਾ ਮੁਹਈਆ ਕਰਵਾਇਆ ਸੀ।’’      (ਏਜੰਸੀ)