ਸਾਂਝੇ ਮਜ਼ਦੂਰ ਮੋਰਚਾ ਨੇ ਪੰਜਾਬ ਭਰ ਵਿਚ ਮੰਤਰੀਆਂ ਤੇ ਵਿਧਾਇਕਾਂ ਨੂੰ ਦਿਤੇ ਮੰਗ ਪੱਤਰ
ਸਾਂਝੇ ਮਜ਼ਦੂਰ ਮੋਰਚਾ ਨੇ ਪੰਜਾਬ ਭਰ ਵਿਚ ਮੰਤਰੀਆਂ ਤੇ ਵਿਧਾਇਕਾਂ ਨੂੰ ਦਿਤੇ ਮੰਗ ਪੱਤਰ
ਮਜ਼ਦੂਰਾਂ ਦੀਆਂ ਮੰਗਾਂ ਦੇ ਵਾਅਦੇ ਯਾਦ ਕਰਵਾਏ
ਚੰਡੀਗੜ੍ਹ, 15 ਜੁਲਾਈ (ਭੁੱਲਰ) : ਸਾਂਝਾ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਲਗਭਗ 30 ਹਲਕਿਆਂ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਯਾਦ ਪੱਤਰ ਸੌਂਪ ਕੇ ਪੰਜਾਬ ਸਰਕਾਰ ਨੂੰ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕਰਨ ਦਾ ਵਾਅਦਾ ਯਾਦ ਕਰਵਾਇਆ ਗਿਆ ਅਤੇ ਮੰਗਾਂ ਦੇ ਹੱਲ ਲਈ ਮੀਟਿੰਗ ਦਾ ਸਮਾਂ ਨਾ ਦੇਣ ਦੀ ਸੂਰਤ ਵਿਚ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਵੀ ਕੀਤਾ ਗਿਆ |
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ,ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਬੀਤੀ 8 ਅਤੇ 9 ਜੂਨ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਸਾਂਝਾ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਕੀਤੀ ਮੀਟਿੰਗ ਵਿਚ ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਕਿਸੇ ਠੋਸ ਹੱਲ ਲਈ ਅਸਮਰੱਥਾ ਜ਼ਾਹਰ ਕਰਦੇ ਹੋਏ ਜੁਲਾਈ ਦੇ ਪਹਿਲੇ ਹਫ਼ਤੇ ਮੁੜ ਮੀਟਿੰਗ ਕਰ ਕੇ ਸਾਰੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿਤਾ ਗਿਆ ਸੀ | ਪ੍ਰੰਤੂ ਜੁਲਾਈ ਦਾ ਪੂਰਾ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਪੰਜਾਬ ਵਲੋਂ ਆਗੂਆਂ ਨੂੰ ਮੀਟਿੰਗ ਦਾ ਕੋਈ ਸਮਾਂ ਨਹੀਂ ਦਿਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਮਜ਼ਦੂਰਾਂ ਵਲੋਂ ਅਪਣੇ ਹਿੱਸੇ ਦੀਆਂ ਪੰਚਾਇਤੀ ਅਤੇ ਨਜੂਲ ਜ਼ਮੀਨਾਂ, ਦਿਹਾੜੀ ਦੇ ਰੇਟ, ਪਲਾਟਾਂ, ਮਨਰੇਗਾ ਅਤੇ ਕਰਜੇ ਦੇ ਸਵਾਲ ਨੂੰ ਲੈ ਕੇ ਸਾਂਝਾ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸੰਘਰਸ਼ ਲੜਿਆ ਜਾ ਰਿਹਾ ਹੈ | ਇਸ ਮੌਕੇ ਵੱਖ ਵੱਖ ਹਲਕਿਆਂ ਵਿਚ ਉਪਰੋਕਤ ਤੋਂ ਬਿਨਾਂ ਮਜਦੂਰ ਆਗੂ ਧਰਮਪਾਲ ਸਿੰਘ, ਅਵਤਾਰ ਸਿੰਘ ਰਸੂਲਪੁਰ, ਮੰਗਾ ਸਿੰਘ ਵੈਰੋਕੇ, ਪਰਮਜੀਤ ਕੌਰ ਲੌਂਗੋਵਾਲ, ਬਿੱਕਰ ਸਿੰਘ ਹਥੋਆ, ਗੁਰਵਿੰਦਰ ਸਿੰਘ ਬਾਹੜਾ, ਬਲਜੀਤ ਸਿੰਘ ਬਿਮਲ ਕੌਰ ਅਤੇ ਕਸ਼ਮੀਰ ਸਿੰਘ ਘੁੱਗਸ਼ੋਰ ਸਮੇਤ ਵੱਖ ਵੱਖ ਹਲਕਿਆਂ ਵਿਚ ਦਰਜਨਾਂ ਆਗੂਆਂ ਨੇ ਅਗਵਾਈ ਕੀਤੀ |
ਕੈਪਸਨ: ਐੱਮਐੱਲਏ ਨਰਿੰਦਰ ਭਰਾਜ ਅਤੇ ਦੇਵ ਮਾਨ ਨੂੰ ਯਾਦ ਪੱਤਰ ਦਿੰਦੇ ਮਜਦੂਰ ਆਗੂ ਅਤੇ ਵਰਕਰ |