CM ਰਿਹਾਇਸ਼ ਬਾਹਰ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕੀਤੀ ਅਪਣੀ ਜਾਨ ਲੈਣ ਦੀ ਕੋਸ਼ਿਸ਼

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਭਰਤੀ ਦੇ ਨਿਯੁਕਤੀ ਪੱਤਰ ਦੇਣ ਦੀ ਕੀਤੀ ਮੰਗ 

The youth protesting outside the CM residence tried to take their own lives

 

ਸੰਗਰੂਰ - ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਦੋ ਨੌਜਵਾਨਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇੱਕ ਨੌਜਵਾਨ ਨੇ ਜ਼ਹਿਰੀਲੀ ਸਪਰੇਅ ਪੀ ਲਈ, ਜਦਕਿ ਦੂਜੇ ਨੇ ਧਰਨੇ ਵਾਲੀ ਥਾਂ 'ਤੇ ਹੀ ਫਾਂਸੀ ਲਗਾਉਣ ਦੀ ਕੋਸ਼ਿਸ਼ ਕੀਤੀ। ਸਪਰੇਅ ਪੀਣ ਵਾਲੇ ਨੌਜਵਾਨ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਫਾਹਾ ਲਗਾਉਣ ਵਾਲੇ ਨੌਜਵਾਨ ਨੂੰ ਹੋਰ ਸਾਥੀਆਂ ਨੇ ਮੌਕੇ 'ਤੇ ਹੀ ਬਚਾ ਲਿਆ। ਇਹ ਨੌਜਵਾਨ ਪੁਲਿਸ ਭਰਤੀ ਲਈ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ।

ਪੰਜਾਬ ਪੁਲਿਸ ਵਿਚ ਭਰਤੀ 2016-2017 ਦੌਰਾਨ ਹੋਈ ਸੀ। ਨੌਜਵਾਨਾਂ ਦੇ ਸਾਰੇ ਟੈਸਟਾਂ ਤੋਂ ਬਾਅਦ ਵੈਰੀਫਿਕੇਸ਼ਨ ਵੀ ਕੀਤੀ ਗਈ। ਨੌਜਵਾਨਾਂ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਵੇਲੇ ਹੋਈ ਭਰਤੀ ਤੋਂ ਬਾਅਦ ਕਾਂਗਰਸ ਸਰਕਾਰ ਨੇ 5 ਸਾਲ ਤੱਕ ਕੋਈ ਸੁਣਵਾਈ ਨਹੀਂ ਕੀਤੀ। ਇਸ ਲਈ ਇਸੇ ਮੰਗ ਨੂੰ ਲੈ ਕੇ ਨੌਜਵਾਨ ਧਰਨਾ ਦੇ ਰਹੇ ਹਨ। ਹੁਣ 11 ਨੌਜਵਾਨ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਨਿਯੁਕਤੀ ਪੱਤਰ ਨਾ ਦਿੱਤੇ ਗਏ ਤਾਂ ਹਰ ਕੋਈ ਖੁਦਕੁਸ਼ੀ ਕਰ ਲਵੇਗਾ।

ਪੁਲਿਸ ਭਰਤੀ ਦੀ ਉਡੀਕ ਵਿਚ ਇਹ ਨੌਜਵਾਨ 10 ਮਈ ਤੋਂ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਧਰਨਾ ਦੇ ਰਹੇ ਹਨ। ਨੌਜਵਾਨਾਂ ਦਾ ਦੋਸ਼ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਵੀ ਭਰੋਸਾ ਦਿੱਤਾ। ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।