ਫਾਜ਼ਿਲਕਾ ਦੇ ਵਿਧਾਇਕ ਨੇ ਅਧਿਕਾਰੀਆਂ ਨੂੰ ਲਾਈ ਫਟਕਾਰ, ਕਿਹਾ-‘ਸੇਵਾ ਸਮਝ ਕੇ ਕੰਮ ਕਰੋ, ਨਹੀਂ ਨਿਕਲੋ’

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਕੰਮ ਨਹੀਂ ਕਰਨਾ ਤਾਂ ਲਿਖਤੀ ਰੂਪ ਵਿਚ ਉਨ੍ਹਾਂ ਨੂੰ ਦਿਤਾ ਜਾਵੇ, ਉਹ ਕਿਸੇ ਹੋਰ ਦੀ ਡਿਊਟੀ ਲਗਾ ਦੇਣਗੇ

photo

 

ਫਾਜ਼ਿਲਕਾ : ਪੰਜਾਬ ਦੇ ਫਾਜ਼ਿਲਕਾ ਦੀ ਸਰਹੱਦ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਡੀ.ਸੀ. ਸੇਨੂੰ ਦੁੱਗਲ ਦੀ ਹਾਜ਼ਰੀ ਵਿਚ ਮਹਾਤਮ ਨਗਰ ਵਿਖੇ ਅਧਿਕਾਰੀਆਂ ਨੂੰ ਤਾੜਨਾ ਕੀਤੀ। ਉਨ੍ਹਾਂ ਉਥੇ ਮੌਜੂਦ ਅਧਿਕਾਰੀਆਂ ਨੂੰ ਝਿੜਕਦਿਆਂ ਕਿਹਾ ਕਿ ਜੇਕਰ ਕੰਮ ਸਹੀ ਢੰਗ ਨਾਲ ਕਰਨਾ ਹੈ ਤਾਂ ਚਾਰ-ਪੰਜ ਦਿਨ ਸੇਵਾ ਸਮਝੋ। ਜੇਕਰ ਨਹੀਂ ਤਾਂ ਲਿਖਤੀ ਰੂਪ ਵਿਚ ਉਨ੍ਹਾਂ ਨੂੰ ਦਿਤਾ ਜਾਵੇ, ਉਹ ਕਿਸੇ ਹੋਰ ਦੀ ਡਿਊਟੀ ਲਗਾ ਦੇਣਗੇ।

ਸਵਨਾ ਨੇ ਕਿਹਾ, ਕਿ ਉਹ ਬੀ.ਡੀ.ਪੀ.ਓ. ਨਾਲ ਮਿਲ ਕੇ ਪਿਛਲੇ ਇੱਕ ਹਫ਼ਤੇ ਤੋਂ ਇਨ੍ਹਾਂ ਇਲਾਕਿਆਂ ਵਿਚ ਰਾਹਤ ਸਮੱਗਰੀ ਵੰਡ ਰਹੇ ਹਨ ਪਰ ਅੱਜ ਤੱਕ ਇਲਾਕੇ ਵਿਚ ਨਾ ਤਾਂ ਪਟਵਾਰੀ ਅਤੇ ਨਾ ਹੀ ਪੰਚਾਇਤ ਸਕੱਤਰ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਕੋਈ ਕੁਤਾਹੀ ਪਾਈ ਗਈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ ਜੇਕਰ ਅਧਿਕਾਰੀਆਂ ਵਲੋਂ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਮੈਨੂੰ ਕਿਹਾ ਜਾਵੇ, ਮੈਂ ਆਪ ਹੀ ਪ੍ਰਬੰਧ ਕਰਾਂਗਾ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਵਲੋਂ ਚਾਰੇ ਦੀਆਂ 10 ਟਰਾਲੀਆਂ ਮੰਗਵਾਈਆਂ ਗਈਆਂ ਹਨ, ਅਧਿਕਾਰੀਆਂ ਨੇ ਇਹ ਕੰਮ ਕਿਉਂ ਨਹੀਂ ਕੀਤਾ। ਰਾਤ ਨੂੰ 1-2 ਵਜੇ ਲੋਕਾਂ ਦੇ ਫੋਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੀ.ਐਮ. ਭਗਵੰਤ ਮਾਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। 

ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਡੀ.ਸੀ. ਨੇ ਕਿਹਾ ਕਿ ਉਹ ਫਲੱਡ ਕੰਟਰੋਲ ਰੂਮ 'ਚ ਜਾ ਕੇ ਆਏ ਹਨ। ਜਿੱਥੇ ਉਸ ਨੂੰ ਕੋਈ ਅਧਿਕਾਰੀ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਗੈਰ ਹਾਜ਼ਰ ਅਧਿਕਾਰੀਆਂ ਦੀ ਸੂਚੀ ਬਣਾਓ, ਉਹ ਉਨ੍ਹਾਂ ਨੂੰ ਸਸਪੈਂਡ ਕਰੇਗੀ।