Amritsar News : ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਂਦਿਆਂ ਪਲਟੀ ਕਾਰ , 2 ਲੋਕਾਂ ਦੀ ਮੌਤ , 5 ਗੰਭੀਰ ਜ਼ਖਮੀ
ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਕਾਂਗੜਾ ਜਾ ਰਿਹਾ ਸੀ ਪਰਿਵਾਰ
Amritsar News : ਅੰਮ੍ਰਿਤਸਰ ਦੇ ਵੇਰਕਾ ਬਾਈਪਾਸ 'ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਹਿਮਾਚਲ ਦੀ ਕਾਰ ਪਲਟ ਗਈ ਹੈ। ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਕਾਰ 'ਚ ਬੈਠਾ ਪਰਿਵਾਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਅੰਮ੍ਰਿਤਸਰ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ। ਵੇਰਕਾ ਬਾਈਪਾਸ 'ਤੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ।
ਇਸ ਮੌਕੇ 'ਤੇ ਪਹੁੰਚੇ ਇੰਸਪੈਕਟਰ ਏ.ਕੇ. ਸੋਹੀ ਨੇ ਦੱਸਿਆ ਕਿ ਕਾਰ ਚਲਾ ਰਹੇ ਡਰਾਈਵਰ ਦੀ ਮਾਂ ਅਤੇ ਸੜਕ ਪਾਰ ਕਰ ਰਹੇ ਵੇਰਕਾ ਰੋਡ ’ਤੇ ਹਲਵਾਈ ਦੀ ਦੁਕਾਨ ਚਲਾਉਣ ਵਾਲੇ ਜਸਵੰਤ ਸਿੰਘ ਦੀ ਮੌਤ ਹੋ ਗਈ ਹੈ।
ਕਾਰ ਚਾਲਕ ਗੋਪੀ ਚੰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਕਾਂਗੜਾ ਨੂੰ ਵਾਪਸ ਆ ਰਹੇ ਸੀ। ਵੇਰਕਾ ਬਾਈਪਾਸ 'ਤੇ ਦੂਨ ਪਬਲਿਕ ਸਕੂਲ ਨੇੜੇ ਸੜਕ ਦੇ ਵਿਚਕਾਰ ਅਚਾਨਕ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ।
ਉਸ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਕਾਰ ਪਲਟ ਗਈ। ਉਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਭਗਤਾਂਵਾਲਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਉਹ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਕਾਂਗੜਾ ਪਰਤ ਰਹੇ ਸਨ।