Punjab News: ਛੁੱਟੀ 'ਤੇ ਆਏ ਫ਼ੌਜੀ ਦੀ ਚਿੱਟੇ ਨੇ ਲਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਫਤਿਹਗੜ੍ਹ ਵੀਰਾਨ ਦਾ ਵਸਨੀਕ ਸੀ ਮ੍ਰਿਤਕ ਕੁਲਜੀਤ ਸਿੰਘ (28)

Punjab News: Chitta took the life of a soldier who was on leave

ਸ੍ਰੀ ਚਮਕੌਰ ਸਾਹਿਬ : ਚਮਕੌਰ ਸਾਹਿਬ ਪੁਲਿਸ ਨੂੰ ਪਿੰਡ ਖੋਖਰਾਂ ਦੇ ਖੇਡ ਸਟੇਡੀਅਮ ਵਿੱਚ ਪਾਣੀ ਦੀ ਟੈਂਕੀ ਦੇ ਨੇੜੇ ਖੜੀ ਸਵਿਫਟ ਕਾਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਅਤੇ ਏਐਸਆਈ ਨਰਿੰਦਰਪਾਲ  ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਖੋਖਰਾਂ ਦੇ ਖੇਡ ਸਟੇਡੀਅਮ ਵਿੱਚ ਸਵਿਫਟ ਕਾਰ ਪੀਬੀ 71 ਏ 9679 ਖੜੀ ਹੈ, ਜਿਸ ਦੀ ਡਰਾਇਵਰ ਸੀਟ ਤੇ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਿਆ ਹੈ ।

ਉਨ੍ਹਾਂ ਦੱਸਿਆ ਕਿ ਜਦੋਂ ਮੌਕੇ ਤੇ ਜਾਂਚ ਪੜਤਾਲ ਕੀਤੀ ਤਾਂ ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (28) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਫਤਿਹਗੜ੍ਹ ਵੀਰਾਨ ਵੱਜੋਂ ਹੋਈ ।.ਉਨਾ ਦੱਸਿਆ ਕਿ ਮ੍ਰਿਤਕ ਨੌਜਵਾਨ 2017 ਵਿੱਚ ਫੌਜ ਚ ਭਰਤੀ ਹੋਇਆ ਸੀ , ਜਿਸ ਦੀ ਡਿਊਟੀ ਕੋਟਾ ਰਾਜਸਥਾਨ ਵਿੱਚ ਸੀ ਅਤੇ ਉਹ ਚਾਰ ਪੰਜ ਦਿਨ ਪਹਿਲਾਂ ਹੀ ਛੁੱਟੀ ਤੇ ਆਇਆ ਸੀ। ਮ੍ਰਿਤਕ ਦੀ ਪਤਨੀ ਅਤੇ ਪਿਤਾ ਪੁਲਿਸ ਮੁਲਾਜ਼ਮ ਹਨ, ਜਿਨ੍ਹਾਂ ਦੀ ਡਿਊਟੀ ਜਲੰਧਰ ਵਿਖੇ ਹੈ ।

ਮ੍ਰਿਤਕ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਲਜੀਤ ਸਿੰਘ ਬੀਤੇ ਕੱਲ੍ਹ ਚਾਰ ਵਜੇ ਘਰੋਂ ਚਮਕੌਰ ਸਾਹਿਬ ਨੂੰ ਨਵੇਂ ਕੱਪੜੇ ਲੈਣ ਗਿਆ ਸੀ ਜਿਸ ਦਾ ਬਾਅਦ ਵਿੱਚ ਕੋਈ ਪਤਾ ਨਹੀਂ ਲੱਗਾ, ਜਿਸ ਤੇ ਪਰਿਵਾਰਕ ਮੈਂਬਰ ਸਾਰੀ ਰਾਤ ਲੱਭਦੇ ਰਹੇ ਪਰ ਅੱਜ ਪਿੰਡ ਖੋਖਰਾਂ ਦੇ ਖੇਡ ਸਟੇਡੀਅਮ ਵਿੱਚ ਗੱਡੀ ਖੜੀ ਦੇਖੀ ਅਤੇ ਜਦੋਂ ਗੱਡੀ ਦੇ ਕੋਲ ਜਾ ਕੇ ਦੇਖਿਆ ਤਾਂ ਡਰਾਈਵਰ ਸੀਟ ਉੱਤੇ ਉਸ ਦੇ ਪੁੱਤਰ ਦੀ ਲਾਸ਼ ਪਈ ਸੀ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।