ਪੰਜਾਬ ਐਗਰੋ ਜੂਸ ਲਿਮਟਿਡ ਅਤੇ PAGREXCO ਦੇ ਰਲੇਵੇਂ ਨੂੰ ਮਿਲੀ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਐਗਰੋ ਜੂਸ ਲਿਮਟਿਡ ਦੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵਿਚ ਰਲੇਵੇਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

Punjab Cabinet

ਚੰਡੀਗੜ੍ਹ: ਫ਼ਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਹੁਲਾਰਾ ਦੇ ਕੇ ਸੂਬੇ ਵਿਚ ਖੇਤੀਬਾੜੀ ਕਾਰੋਬਾਰ ਅਤੇ ਬਾਗ਼ਬਾਨੀ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਐਗਰੋ ਜੂਸ ਲਿਮਟਿਡ (PAJL) ਦੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (PAGREXCO) ਵਿਚ ਰਲੇਵੇਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਪੈਗਰੈਕਸੋ ਅਤੇ ਪੀ.ਏ.ਜੇ.ਐਲ. ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਮੁੱਖ ਸਕੱਤਰ ਦੀ ਪ੍ਰਧਾਨਗੀ ਵਾਲੀ ਅਧਿਕਾਰੀਆਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੀ.ਏ.ਜੇ.ਐਲ. ਨੂੰ ਪੈਗਰੈਕਸੋ ਵਿਚ ਮਿਲਾਉਣ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸਰਕਾਰੀ ਬੁਲਾਰੇ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਦੱਸਿਆ ਕਿ ਰਲੇਵੇਂ ਉਪਰੰਤ ਇਸ ਇਕਾਈ ਨੂੰ 'ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ' ਵਜੋਂ ਜਾਣਿਆ ਜਾਵੇਗਾ। ਮੰਤਰੀ ਮੰਡਲ ਨੇ ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (ਪੀ.ਏ.ਆਈ.ਸੀ.) ਨੂੰ ਅਜਿਹੇ ਸਾਰੇ ਕੰਮਾਂ ਲਈ ਵੀ ਅਧਿਕਾਰਤ ਕੀਤਾ ਜੋ ਰਲੇਵੇਂ ਦੀ ਯੋਜਨਾ ਨੂੰ ਲਾਗੂ ਕਰਨਾ ਅਤੇ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹਨ। ਇਸ ਰਲੇਵੇਂ ਨਾਲ ਪੀ.ਏ.ਜੇ.ਐਲ. ਦੇ ਸਰੋਤਾਂ ਦੀ ਪੈਗਰੈਕਸੋ ਨਾਲ ਬਿਹਤਰ ਵਰਤੋਂ, ਤਾਲਮੇਲ, ਪੈਮਾਨੇ ਦੇ ਬਿਹਤਰ ਆਰਥਿਕ ਪ੍ਰਬੰਧਾਂ, ਕਾਰਜਾਂ ਦਾ ਵਿਸਤਾਰ, ਕਿਸਾਨਾਂ ਦਾ ਮਜ਼ਬੂਤ ਸੰਪਰਕ, ਬਿਹਤਰ ਉਪਭੋਗਤਾ ਪਹੁੰਚ ਲਈ ਆਮ ਬ੍ਰਾਂਡਿੰਗ/ਮਾਰਕੀਟਿੰਗ ਪ੍ਰਦਾਨ ਕਰਨਾ ਹੋਵੇਗਾ ਜਿਸ ਨਾਲ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਲਾਭ ਪਹੁੰਚੇਗਾ।

ਰਲੇਵੇਂ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ, ਨਵੀਂ ਇਕਾਈ ਦੀ ਇੱਕ ਕੰਪਨੀ ਦੇ ਰੂਪ ਵਿਚ ਕਲਪਨਾ ਕੀਤੀ ਗਈ ਹੈ ਅਤੇ ਸਮੁੱਚੇ ਫੈਸਲੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਲਏ ਜਾਣਗੇ। ਰਲੇਵੇਂ ਵਾਲੀ ਇਕਾਈ ਦਾ ਚੇਅਰਮੈਨ ਖੇਤੀਬਾੜੀ ਦੇ ਤਜ਼ਰਬੇ ਵਾਲਾ ਉੱਘਾ ਬਾਗ਼ਬਾਨੀ ਮਾਹਿਰ ਹੋਵੇਗਾ। ਬੋਰਡ ਆਫ ਡਾਇਰੈਕਟਰਜ਼ ਦੀ ਨਿਯੁਕਤੀ ਬਾਗ਼ਬਾਨੀ, ਮਾਰਕੀਟਿੰਗ, ਵਿੱਤ ਆਦਿ ਦੇ ਖੇਤਰਾਂ ਤੋਂ ਉਨ੍ਹਾਂ ਦੀ ਪੇਸ਼ੇਵਰ ਯੋਗਤਾਵਾਂ ਦੇ ਅਧਾਰ 'ਤੇ ਕੀਤੀ ਜਾਵੇਗੀ। ਰਲੇਵੇਂ ਵਾਲੀ ਇਕਾਈ ਦੇ ਉਦੇਸ਼ਾਂ ਵਿਚ ਖੇਤੀ ਨਿਰਯਾਤ ਅਤੇ ਆਲਮੀ ਖੇਤੀਬਾੜੀ ਅਭਿਆਸ ਜਿਵੇਂ ਬੀਜਾਂ ਦੀ ਖੋਜ ਆਦਿ, ਕਿਸਾਨ ਉਤਪਾਦਕ ਸੰਗਠਨਾਂ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਠੇਕੇ 'ਤੇ ਖੇਤੀ ਰਾਹੀਂ ਕਿਸਾਨਾਂ ਨਾਲ ਪਿਛਲੇ ਸਬੰਧਾਂ ਨਾਲ ਐਫ ਐਂਡ ਵੀ ਦੀ ਪ੍ਰਾਸੈਸਿੰਗ ਅਤੇ ਪੇਸ਼ੇਵਰ ਮਾਰਕਟਿੰਗ ਪਹੁੰਚ ਰਾਹੀਂ ਮਾਰਕੀਟ ਸਬੰਧਾਂ ਦੇ ਨਾਲ-ਨਾਲ ਸਾਰੇ ਉਤਪਾਦਾਂ ਜਿਵੇਂ ਜੈਵਿਕ, ਮਸਾਲੇ, ਜੂਸ, ਫਲ ਅਤੇ ਸਬਜ਼ੀਆਂ ਦੀ ਮਾਰਕੀਟਿੰਗ ਕਰਨਾ ਸ਼ਾਮਲ ਹੈ।

ਐਫ.ਐਮ.ਸੀ.ਜੀ. (ਫਾਸਟ ਮੂਵਿੰਗ ਕੰਜ਼ਿਊਮਰ ਗੁੱਡਜ਼) ਕੰਪਨੀਆਂ ਦੀ ਤਰਜ਼ 'ਤੇ ਇੱਕ ਪੇਸ਼ੇਵਰ ਵਿਕਰੀ ਅਤੇ ਵੰਡ ਨੈਟਵਰਕ ਸਥਾਪਤ ਕੀਤਾ ਜਾਏਗਾ ਤਾਂ ਜੋ ਆਧੁਨਿਕ ਪ੍ਰਚੂਨ ਅਧੀਨ ਉਤਪਾਦਾਂ ਨੂੰ ਵਧਾਇਆ ਜਾ ਸਕੇ ਅਤੇ ਕਾਰਗੁਜ਼ਾਰੀ ਦੇ ਅਧਾਰ 'ਤੇ ਵਿਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਉਤਸ਼ਾਹਤ ਕੀਤਾ ਜਾ ਸਕੇ। ਅਬੋਹਰ ਅਤੇ ਹੁਸ਼ਿਆਰਪੁਰ ਵਿਖੇ ਦੋ ਐਫ ਐਂਡ ਵੀ ਪ੍ਰਾਸੈਸਿੰਗ ਸਹੂਲਤਾਂ ਦੇ ਪ੍ਰਬੰਧਨ ਦੇ ਨਾਲ-ਨਾਲ 12 ਪੈਕ ਹਾਊਸ ਅਤੇ 4 ਪ੍ਰਾਇਮਰੀ ਪ੍ਰਾਸੈਸਿੰਗ ਸੈਂਟਰ, ਕਾਰਗੁਜ਼ਾਰੀ ਅਧਾਰਤ ਤਨਖਾਹ ਅਤੇ ਪ੍ਰੋਤਸਾਹਨ ਰਾਹੀਂ ਕਰਮਚਾਰੀ ਪ੍ਰਬੰਧਨ ਢਾਂਚੇ ਦੇ ਅਧਾਰ 'ਤੇ ਨਵਾਂ ਮਨੁੱਖੀ ਸ੍ਰੋਤ ਢਾਂਚਾ ਸਥਾਪਤ ਕੀਤਾ ਜਾਵੇਗਾ।