ਮੁੱਖ ਸਕੱਤਰ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਕੰਮਕਾਜ ਦਾ ਜਾਇਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਕੈਂਸਰ ਦੇ ਕਿਫ਼ਾਇਤੀ ਇਲਾਜ ਨੂੰ ਮਿਲੇਗਾ ਹੁਲਾਰਾ

Review of the functioning of Homi Bhabha Cancer Hospital and Research Center by the Chief Secretary

ਚੰਡੀਗੜ੍ਹ :  ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਜੋ ਸੂਬੇ ਵਿੱਚ ਕੈਂਸਰ ਦੇ ਕਿਫ਼ਾਇਤੀ ਇਲਾਜ ਨੂੰ ਹੁਲਾਰਾ ਦੇਵੇਗਾ, ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਇਸ ਵੱਕਾਰੀ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਕਮੇਟੀ ਰੂਮ ਵਿਖੇ ਸਮੀਖਿਆ ਮੀਟਿੰਗ ਉਪਰੰਤ ਮੁੱਖ ਸਕੱਤਰ ਨੇ ਜ਼ਮੀਨੀ ਹਕੀਕਤ ਬਾਰੇ ਜਾਣਨ ਲਈ ਮੁੱਲਾਂਪੁਰ (ਨਿਊ ਚੰਡੀਗੜ੍ਹ) ਸਥਿਤ ਕੇਂਦਰ ਦੇ ਸਥਾਨ ਦਾ ਦੌਰਾ ਵੀ ਕੀਤਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਵਿੱਚ ਇਲਾਜ ਅਧੀਨ ਮਰੀਜ਼ਾਂ ਨਾਲ ਵੀ ਮੁਲਾਕਾਤ ਕੀਤੀ।

ਮੁੱਖ ਸਕੱਤਰ ਨੂੰ ਜਾਣਕਾਰੀ ਦਿੰਦਿਆਂ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਿਪਟੀ ਡਾਇਰੈਕਟਰ ਪ੍ਰੋ. ਅਸ਼ੀਸ਼ ਗੁਲੀਆ ਨੇ ਦੱਸਿਆ ਕਿ ਕੇਂਦਰ ਵਿੱਚ ਹੁਣ ਤੱਕ ਲਗਭਗ 300 ਮਰੀਜ਼ ਇਲਾਜ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ 300 ਬੈੱਡਾਂ ਦੀ ਸਮਰੱਥਾ ਵਾਲੀ ਸਿਹਤ ਸੰਸਥਾ ਹੈ ਜੋ ਮੌਜੂਦਾ ਸਮੇਂ ਅੰਸ਼ਕ ਤੌਰ 'ਤੇ ਕੰਮ ਕਰ ਰਹੀ ਹੈ। ਇਸ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਂਟਿਵ ਓਨਕੋਲੋਜੀ, ਅਨੈਸਥੀਸੀਆ ਅਤੇ ਪੈਲੀਏਟਿਵ ਕੇਅਰ ਦੇ ਓ.ਪੀ.ਡੀਜ਼ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਕੈਂਸਰ ਦੇ ਪ੍ਰਬੰਧਨ ਲਈ ਐਮ.ਆਰ.ਆਈ., ਸੀ.ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ, ਐਲ.ਆਈ.ਐਨ.ਏ.ਸੀ. ਆਰ.ਟੀ., ਬ੍ਰੈਕੀਥੈਰੇਪੀ ਵਰਗੀਆਂ ਅਤਿ ਆਧੁਨਿਕ ਸਹੂਲਤਾਂ ਉਪਲਬਧ ਹਨ। ਡਾ. ਗੁਲੀਆ ਨੇ ਵੱਖ-ਵੱਖ ਜਾਂਚਾਂ ਦੀ ਰਿਪੋਰਟਿੰਗ ਲਈ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਿਊ ਚੰਡੀਗੜ੍ਹ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਦਰਮਿਆਨ ਆਪਸੀ ਤਾਲਮੇਲ ਬਾਰੇ ਵੀ ਜਾਣਕਾਰੀ ਦਿੱਤੀ।

ਮੌਜੂਦਾ ਸਮੇਂ ਸੈਂਟਰ ਵਿੱਚ ਬਾਇਓਪਸੀ ਅਤੇ ਸੁਪਰਫਿਸੀਅਲ ਸਰਜਰੀਆਂ ਲਈ ਕੀਮੋਥੈਰੇਪੀ ਅਤੇ ਮਾਮੂਲੀ ਓ.ਟੀ. ਵਾਸਤੇ ਡੇਅ ਕੇਅਰ ਦੀ ਸਹੂਲਤ ਵੀ ਉਪਲੱਬਧ ਹੈ। ਇਸ ਸੰਸਥਾ ਦਾ ਬਾਕੀ ਹਿੱਸਾ ਲਗਭਗ 6 ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਸਾਰੇ 300 ਬੈੱਡ ਕਾਰਜਸ਼ੀਲ ਹੋ ਜਾਣਗੇ ਜਿਸ ਨਾਲ ਨਾ ਸਿਰਫ ਪੰਜਾਬ ਤੋਂ ਬਲਕਿ ਵੱਖ-ਵੱਖ ਗੁਆਂਢੀ ਸੂਬਿਆਂ ਜਿਵੇਂ ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ ਵਿਸ਼ਵ ਪੱਧਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। 

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਅਤੇ ਵਿੱਤ ਏ.ਕੇ. ਸਿਨਹਾ, ਪ੍ਰਮੁੱਖ ਸਕੱਤਰ ਉਦਯੋਗ ਅਤੇ ਵਣਜ ਦਲੀਪ ਕੁਮਾਰ, ਸਕੱਤਰ ਸਿਹਤ ਅਜੋਏ ਸ਼ਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਅਮਿਤ ਤਲਵਾੜ ਅਤੇ ਐਸ.ਐਸ.ਪੀ. ਐਸ.ਏ.ਐਸ.ਨਗਰ ਵਿਵੇਕ ਸੋਨੀ ਵੀ ਹਾਜ਼ਰ ਸਨ।