ਔਰਤਾਂ ਨਾ ਤਾਂ ਮਰਦਾਂ ਦੇ ਅਧੀਨ ਹਨ, ਨਾ ਹੀ ਉਨ੍ਹਾਂ ਨੂੰ ਕਿਸੇ ਦੇ ਅਧੀਨ ਰਹਿਣ ਦੀ ਜ਼ਰੂਰਤ ਹੈ : ਸੁਪਰੀਮ ਕੋਰਟ
ਅਦਾਲਤੀ ਭਾਸ਼ਾ ’ਚ ‘ਗ੍ਰਹਿਣੀ’, ‘ਵਿਭਚਾਰਣੀ’, ‘ਛੇੜਛਾੜ’ ਵਰਗੇ ਹੋਰ ਸ਼ਬਦ ਨਹੀਂ: ਸੁਪਰੀਮ ਕੋਰਟ
ਨਵੀਂ ਦਿੱਲੀ: ਅਪਣੇ ਕਿਤਾਬਚੇ ’ਚ ਸੁਪਰੀਮ ਕੋਰਟ ਨੇ ਮਰਦਾਂ ਅਤੇ ਔਰਤਾਂ ਨੂੰ ਦਿਤੀ ਜਾਣ ਵਾਲੀ ਲਿੰਗਕ ਭੂਮਿਕਾਵਾਂ ਬਾਰੇ ਕੁਝ ਆਮ ਰੂੜ੍ਹੀਆਂ ਨੂੰ ‘ਗ਼ਲਤ’ ਕਰਾਰ ਦਿੰਦਿਆਂ ਕਿਹਾ ਹੈ ਕਿ ਔਰਤਾਂ ਨਾ ਤਾਂ ਮਰਦਾਂ ਦੇ ਅਧੀਨ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਦੇ ਅਧੀਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਸੰਵਿਧਾਨ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦੀ ਗਾਰੰਟੀ ਦਿੰਦੀ ਹੈ। ‘ਹੈਂਡਬੁੱਕ ਆਨ ਕਾਂਬੈਟਿੰਗ ਜੈਂਡਰ ਸਟੀਰਿਉਟਾਈਪਸ’ ਸਿਰਲੇਖ ਵਾਲੇ ਇਸ ਕਿਤਾਬਚੇ ’ਚ ਲਿੰਗਕ ਰੂਪ ’ਚ ਗ਼ਲਤ ਸ਼ਬਦਾਂ ਦੀ ਇਕ ਸ਼ਬਦਾਵਲੀ ਸ਼ਾਮਲ ਹੈ ਅਤੇ ਬਦਲਵੇਂ ਸ਼ਬਦਾਂ ਤੇ ਵਾਕੰਸ਼ਾਂ ਦਾ ਸੁਝਾਅ ਦਿਤਾ ਗਿਆ ਹੈ, ਜਿਨ੍ਹਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਕਿਤਾਬਚੇ ਨੂੰ ਬੁਧਵਾਰ ਨੂੰ ਜਾਰੀ ਕੀਤਾ ਗਿਆ।
ਲਿੰਗਕ ਭੂਮਿਕਾਵਾਂ ’ਤੇ ਅਧਾਰਤ ਰੂੜ੍ਹੀਵਾਦਿਤਾ ’ਤੇ ਕਿਤਾਬਚੇ ’ਚ ਕੁਝ ਆਮ ਰੂੜ੍ਹੀਵਾਦ ਦੀ ਨਿਸ਼ਾਨਦੇਹੀ ਕਰਨ ਵਾਲੀ ਇਕ ਸਾਰਨੀ ਹੈ ਅਤੇ ਉਹ ਗ਼ਲਤ ਕਿਉਂ ਹੈ, ਇਸ ਦਾ ਕਾਰਨ ਵੀ ਦਸਿਆ ਗਿਆ ਹੈ। ਜਿਨ੍ਹਾਂ ਸ਼ਬਦਾਂ ਜਾਂ ਵਾਕੰਸ਼ਾਂ ’ਤੇ ਅਦਾਲਤ ਨੇ ਨਾਰਾਜ਼ਗੀ ਪ੍ਰਗਟਾਈ ਹੈ ਉਹ ਆਮ ਤੌਰ ’ਤੇ ਅਜਿਹੇ ਹੁੰਦੇ ਹਨ ਜੋ ਕਿਸੇ ਵਿਅਕਤੀ ਦੇ ਚਰਿੱਤਰ ਦੇ ਇਕ ਜਾਂ ਵੱਧ ਪਹਿਲੂਆਂ ਬਾਰੇ ਦੋਸ਼ ਲਾਉਂਦੇ ਹਨ। ਅਦਾਲਤ ਨੇ ਸਲਾਹ ਦਿਤੀ ਹੈ ਕਿ ਪਤਨੀ ਨੂੰ ਵਫ਼ਾਦਾਰ, ਚੰਗੀ ਜਾਂ ਆਗਿਆਕਾਰੀ ਪਤਨੀ ਕਹਿਣ ਦੀ ਬਜਾਏ ਸਿਰਫ਼ ਪਤਨੀ ਕਹੋ। ਅਦਾਲਤ ਨੇ ਸੁਝਾਅ ਦਿਤਾ ਹੈ ਕਿ ਕਾਨੂੰਨੀ ਲਿਖਾਈ ’ਚ ਔਰਤਾਂ ਲਈ ਪ੍ਰਯੋਗ ਹੁੰਦੇ ਕੁਝ ਸ਼ਬਦਾਂ ਦੇ ਵੱਧ ਸਿਆਸੀ ਰੂਪ ’ਚ ਸਹੀ ਅਤੇ ਵਿਗਿਆਨਕ ਬਦਲਾਂ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ।
ਕੁਝ ਉਦਾਹਰਣ ਹਨ: ‘ਵਿਭਚਾਰਣੀ’ ਦੀ ਬਜਾਏ ‘ਉਹ ਔਰਤ ਜੋ ਵਿਆਹ ਤੋਂ ਬਾਹਰੇ ਜਿਨਸੀ ਸਬੰਧਾਂ ’ਚ ਸ਼ਾਮਲ ਹੈ’, ‘ਜੈਵਿਕ ਲਿੰਗ’ ਦੀ ਬਜਾਏ ‘ਜਨਮ ਸਮੇਂ ਨਿਰਧਾਰਤ ਲਿੰਗ’, ‘ਕਾਰਨਲ ਇੰਟਰਕੋਰਸ’ ਦੀ ਥਾਂ ‘ਸੈਕਸੁਅਲ ਇੰਟਰਕੋਰਸ’, ‘ਛੇੜਖਾਨੀ’ ਦੀ ਬਜਾਏ ‘ਸੜਕ ’ਤੇ ਜਿਨਸੀ ਸੋਸ਼ਣ’, ‘ਵੇਸਵਾ’ ਦੀ ਥਾਂ ‘ਸੈਕਸ ਵਰਕਰ’ ਕਿਹਾ ਜਾਵੇ। ਵਿਸ਼ੇਸ਼ ਤੌਰ ’ਤੇ ਹੈਂਡਕਬੁਕ ’ਚ ਜਿਨਸੀ ਸੋਸ਼ਣ ਦਾ ਸਾਹਮਣਾ ਕਰਨ ਵਾਲੇ ਕਿਸੇ ਵਿਅਕਤੀ ਬਾਰੇ ‘ਪੀੜਤ’ ਤੋਂ ਉਲਟ ‘ਸਰਵਾਈਵਰ’ ਸ਼ਬਦ ਦੇ ਪ੍ਰਯੋਗ ਨੂੰ ਲੈ ਇਕ ਆਮ ਦੁਬਿਧਾ ਨੂੰ ਛੂੰਹਦੀ ਹੈ।
‘ਸਰਵਾਈਵਰ’ ਜਾਂ ਪੀੜਤ? ਜਿਨਸੀ ਹਿੰਸਾ ਤੋਂ ਪ੍ਰਭਾਵਿਤ ਵਿਅਕਤੀ ‘ਸਰਵਾਈਵਰ’ ਜਾਂ ‘ਪੀੜਤ’ ਵਜੋਂ ਅਪਣੀ ਪਛਾਣ ਕਰ ਸਕਦਾ ਹੈ। ਦੋਵੇਂ ਸ਼ਰਤਾਂ ਉਦੋਂ ਤਕ ਲਾਗੂ ਹੁੰਦੀਆਂ ਹਨ ਜਦੋਂ ਤਕ ਵਿਅਕਤੀ ਨੇ ਕੋਈ ਤਰਜੀਹ ਨਹੀਂ ਜ਼ਾਹਰ ਕੀਤੀ ਹੈ, ਇਸ ਸਥਿਤੀ ’ਚ ਵਿਅਕਤੀ ਦੀ ਤਰਜੀਹ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਇਸ ਸਾਲ ਦੇ ਸ਼ੁਰੂ ’ਚ ਮਹਿਲਾ ਦਿਵਸ ਸਮਾਰੋਹ ’ਚ ਪ੍ਰਗਟਾਵਾ ਕੀਤਾ ਸੀ ਕਿ ਕਾਨੂੰਨੀ ਭਾਸ਼ਣ ’ਚ ਵਰਤੇ ਜਾਣ ਵਾਲੇ ਅਣਉਚਿਤ ਲਿੰਗੀ ਸ਼ਬਦਾਂ ਦੀ ਇਸ ਕਾਨੂੰਨੀ ਸ਼ਬਦਾਵਲੀ ਨੂੰ ਜਾਰੀ ਕਰਨ ਦੀ ਯੋਜਨਾ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ - ਜਿਸ ਬਾਰੇ ਕੋਵਿਡ ਕਾਲ ਦੌਰਾਨ ਸੋਚਿਆ ਗਿਆ ਸੀ।
ਸੂਚੀ ’ਚ ਸ਼ਾਮਲ ਹੋਰ ਸ਼ਬਦ ਇਸ ਤਰ੍ਹਾਂ ਹਨ :
ਵਿਭਚਾਰਣੀ : ਵਿਆਹ ਤੋਂ ਬਾਹਰੇ ਸਬੰਧ ਬਣਾਉਣ ਵਾਲੀ ਔਰਤ
ਪ੍ਰੇਮ ਸਬੰਧ : ਵਿਆਹ ਤੋਂ ਬਾਹਰੇ ਸਬੰਧ
ਬਾਲ ਵੇਸਵਾ : ਜਿਸ ਬੱਚੇ-ਬੱਚੀ ਦੀ ਤਸਕਰੀ ਕੀਤੀ ਗਈ ਹੈ
ਰਖੈਲ : ਇਕ ਔਰਤ, ਜਿਸ ਨਾਲ ਇਕ ਮਰਦ ਦੇ ਵਿਆਹ ਤੋਂ ਬਾਹਰੇ ਜਿਨਸੀ ਸਬੰਧ ਹਨ
ਫਬਤੀਆਂ ਕੱਸਣਾ : ਗਲੀਆਂ ’ਚ ਕੀਤਾ ਜਾਣ ਵਾਲਾ ਜਿਨਸੀ ਸੋਸ਼ਣ
ਜਬਰਨ ਬਲਾਤਕਾਰ : ਬਲਾਤਕਾਰ
ਦੇਹਵਪਾਰ ਕਰਨ ਵਾਲੀ (ਹਾਰਲਟ) : ਔਰਤ
ਵੇਸਵਾ (ਹੁੱਕਰ) : ਜਿਨਸੀ ਮੁਲਾਜ਼ਮ
ਭਾਰਤ ਔਰਤ / ਪਛਮੀ ਔਰਤ : ਔਰਤ
ਵਿਆਹ ਕਰਨ ਯੋਗ ਉਮਰ : ਇਕ ਔਰਤ ਜੋ ਵਿਆਹ ਲਈ ਜ਼ਰੂਰੀ ਉਮਰ ਦੀ ਹੋ ਗਈ ਹੋਵੇ
ਉਤੇਜਿਤ ਕਰਨ ਵਾਲੇ ਕਪੜੇ/ਪਹਿਰਾਵਾ : ਕਪੜੇ/ਪਹਿਰਾਵਾ
ਪੀੜਤ ਜਾਂ ਪੀੜਤਾ : ਜਿਨਸੀ ਹਿੰਸਾ ਪ੍ਰਭਾਵਤ
ਟਰਾਂਸਸੈਕਸੁਅਲ : ਟਰਾਂਸਜੈਂਡਰ
ਬਿਨ ਵਿਆਹੀ ਮਾਂ : ਮਾਂ