Chandigarh News: ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਗ੍ਰਿਫਤਾਰ: 1.65 ਕਰੋੜ ਦੀ ਠੱਗੀ ਮਾਰਨ ਦੇ ਲੱਗੇ ਇਲਜ਼ਾਮ

ਏਜੰਸੀ

ਖ਼ਬਰਾਂ, ਪੰਜਾਬ

Chandigarh News: ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮ ਦੀ ਚਿੱਟੇ ਰੰਗ ਦੀ ਸਕਾਰਪੀਓ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। 

Immigration company owner arrested in Chandigarh

 

Chandigarh News: ਚੰਡੀਗੜ੍ਹ ਦੇ ਸੈਕਟਰ 17 ਥਾਣੇ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਖ਼ਿਲਾਫ਼ ਪੁਲਿਸ ਵਿੱਚ 33 ਵੱਖ-ਵੱਖ ਸ਼ਿਕਾਇਤਾਂ ਆਈਆਂ ਸਨ। ਇਨ੍ਹਾਂ ਸ਼ਿਕਾਇਤਾਂ ਵਿੱਚ ਕਰੀਬ 1.65 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮ ਦੀ ਚਿੱਟੇ ਰੰਗ ਦੀ ਸਕਾਰਪੀਓ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। 

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸੱਤ ਕੇਸ ਦਰਜ ਹਨ। ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਉਰਫ਼ ਰਵੀ ਸਾਬ ਵਾਸੀ ਖਰੜ ਮੁਹਾਲੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਰਵਿੰਦਰ ਆਪਣੇ ਚਾਚੇ ਮਨਪ੍ਰੀਤ ਸਿੰਘ ਬਰਾੜ ਨਾਲ ਮਿਲ ਕੇ ਸੈਕਟਰ 17 ਵਿੱਚ ਇਮੀਗ੍ਰੇਸ਼ਨ ਦਫ਼ਤਰ ਚਲਾਉਂਦਾ ਸੀ। ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸਟੱਡੀ ਵੀਜ਼ਾ ਦਿਵਾਉਣ ਦਾ ਲਾਲਚ ਦਿੰਦੇ ਸਨ।

ਉਨ੍ਹਾਂ ਬੱਚਿਆਂ ਲਈ ਐਜੂਕੇਸ਼ਨ ਲੋਨ ਦੇਣ ਦਾ ਵੀ ਵਾਅਦਾ ਕੀਤਾ। ਬਾਅਦ ਵਿੱਚ ਉਹ ਲੋਕਾਂ ਨੂੰ ਫਰਜ਼ੀ ਆਫਰ ਲੈਟਰ ਦੇ ਕੇ ਠੱਗੀ ਮਾਰਦੇ ਸਨ। ਵਿਦੇਸ਼ ਜਾਣ ਵਾਲੇ ਨੌਜਵਾਨਾਂ ਦਾ ਵੀਜ਼ਾ ਲਗਵਾਉਣ ਦੀ ਬਜਾਏ ਉਨ੍ਹਾਂ ਦੇ ਪਾਸਪੋਰਟ ਆਪਣੇ ਕੋਲ ਰੱਖਦੇ ਸਨ ਅਤੇ ਉਨ੍ਹਾਂ ਤੋਂ ਜ਼ਬਰਦਸਤੀ ਪੈਸੇ ਵਸੂਲਦੇ ਸਨ। ਪੁਲਿਸ ਨੂੰ ਉਨ੍ਹਾਂ ਖ਼ਿਲਾਫ਼ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ।

ਪਹਿਲਾਂ ਤਾਂ ਮੁਲਜ਼ਮ ਲੋਕਾਂ ਨੂੰ ਫਸਾਉਣ ਲਈ ਰਜਿਸਟ੍ਰੇਸ਼ਨ ਦੇ ਨਾਂ 'ਤੇ ਸਿਰਫ਼ 40 ਹਜ਼ਾਰ ਰੁਪਏ ਹੀ ਲੈਂਦੇ ਸਨ। ਇਸ ਤੋਂ ਬਾਅਦ ਉਹ ਫਰਜ਼ੀ ਆਫਰ ਲੈਟਰ ਤਿਆਰ ਕਰਦੇ ਸਨ। ਫਿਰ ਐਜੂਕੇਸ਼ਨ ਲੋਨ ਦੇ ਨਾਂ 'ਤੇ ਬੱਚਿਆਂ ਤੋਂ ਖਾਲੀ ਚੈੱਕ, ਜ਼ਮੀਨ ਦੀ ਰਜਿਸਟਰੀ ਦੇ ਕਾਗਜ਼ ਅਤੇ ਹੋਰ ਦਸਤਾਵੇਜ਼ ਲੈ ਲੈਂਦੇ ਸਨ।
ਇਸ ਤੋਂ ਬਾਅਦ ਉਹ ਵਿਦੇਸ਼ ਭੇਜਣ ਲਈ ਕਰੀਬ 6 ਲੱਖ ਰੁਪਏ ਦੀ ਫੀਸ ਮੰਗਦੇ ਸਨ। ਜਾਂਚ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਨੇ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਣ ਦਾ ਕੋਈ ਲਾਇਸੈਂਸ ਨਹੀਂ ਲਿਆ ਸੀ। ਉਹ ਇਹ ਧੰਦਾ ਧੋਖੇ ਨਾਲ ਚਲਾ ਰਹੇ ਸਨ।