Chandigarh News : ਸ. ਜੋਗਿੰਦਰ ਸਿੰਘ ਅਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਸਾਡੇ ਨਾਲ ਰਹਿਣਗੇ : ਭਾਈ ਹਰਜਿੰਦਰ ਸਿੰਘ ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chandigarh News :

Bhai Harjinder Singh Majhi

Chandigarh News : ਭਾਈ ਹਰਜਿੰਦਰ ਸਿੰਘ ਮਾਝੀ ਨੇ ਅੱਜ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸਵ. ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਉਹ ਇਸ ਧਰਤੀ ਤੋਂ ਚਲੇ ਗਏ ਹਨ ਪਰ ਅਜਿਹੇ ਕਿਸਮ ਦੇ ਲੋਕ ਅਪਣੀਆਂ ਲਿਖਤਾਂ ’ਚ ਹਮੇਸ਼ਾ ਯਾਦ ਰੱਖੇ ਜਾਂਦੇ ਹਨ। 
ਅੱਜ ਸਵ. ਸ. ਜੋਗਿੰਦਰ ਸਿੰਘ ਜੀ ਦੇ ਪਰਵਾਰ ਨਾਲ ਦੁੱਖ ਵੰਡਾਉਣ ਲਈ ਪੁੱਜੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਪੋਕਸਮੈਨ ਟੀ.ਵੀ. ਨਾਲ ਇਕ ਗੱਲਬਾਤ ’ਚ ਕਿਹਾ, ‘‘ਉਨ੍ਹਾਂ ਨੇ ਜੋ ਕੁੱਝ ਲਿਖਿਆ ਲੋਕ ਬੜੇ ਮਾਣ ਨਾਲ ਪੜ੍ਹਦੇ ਰਹਿਣਗੇ। ਵੱਡੀ ਗੱਲ ਇਹ ਹੈ ਕਿਸੇ ਸ਼ਖਸੀਅਤ ਦੇ ਸੰਪੂਰਨ ਰੂਪ ਵਿਚ ਤੁਸੀਂ ਭਾਵੇਂ ਸਹਿਮਤ ਨਾ ਵੀ ਹੋਵੋ, ਪਰ ਜੋ ਉਸ ਨੇ ਸੁਚਾਰੂ ਭੂਮਿਕਾ ਨਿਭਾਈ ਹੁੰਦੀ ਹੈ ਉਸ ਦੀ ਹਮੇਸ਼ਾ ਸ਼ਲਾਘਾ ਹੁੰਦੀ ਰਹੇਗੀ।’’
ਉਨ੍ਹਾਂ ਅੱਗੇ ਕਿਹਾ, ‘‘ਅੱਜ ਜਿਸ ਵਿਅਕਤੀ ਨੂੰ ਹਰ ਕੋਈ ਸੌਦਾ ਸਾਧ ਕਹਿ ਰਿਹਾ ਹੈ ਇਹ ਨਾਮ ਉਸ ਨੂੰ ਸ. ਜੋਗਿੰਦਰ ਸਿੰਘ ਜੀ ਨੇ ਹੀ ਦਿਤਾ ਸੀ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦਾ ਮਸਲਾ ਹੋਵੇ, ਜਾਂ ਬੇਅਦਬੀਆਂ ਦਾ ਮਾਮਲਾ ਹੋਵੇ, ਜਿੰਨੇ ਸੋਹਣੇ ਢੰਗ ਨਾਲ ਸ. ਜੋਗਿੰਦਰ ਸਿੰਘ ਦੀ ਅਗਵਾਈ ਹੇਠ ਸਪੋਕਸਮੈਨ ਅਖ਼ਬਾਰ ਨੇ ਇਨ੍ਹਾਂ ਮੁੱਦਿਆਂ ’ਤੇ ਕੰਮ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ।’’
ਉਨ੍ਹਾਂ ਕਿਹਾ, ‘‘ਮੈਨੂੰ ਉਨ੍ਹਾਂ ਦੀ ਲਿਖਤ ਪੜ੍ਹਨ ਦਾ ਮੌਕਾ ਬਚਪਨ ਵਿਚ ਹੀ ਮਿਲ ਗਿਆ ਸੀ। ਪਹਿਲਾਂ ਜਿਹੜੇ ਮੈਗਜ਼ੀਨ ਹੁੰਦੇ ਸੀ ਬਹੁਤ ਥੋੜ੍ਹੇ ਸਨ। ਉਨ੍ਹਾਂ ਵਿਚੋਂ ਇਕ ਅਹਿਮ ਮੈਗਜ਼ੀਨ ਸਪੋਕਸਮੈਨ ਹੁੰਦਾ ਸੀ ਜੋ ਸ. ਜੋਗਿੰਦਰ ਸਿੰਘ ਜੀ ਨੇ ਸ਼ੁਰੂ ਕੀਤਾ ਸੀ। ‘‘ਮੈਂ ਸਮਝਦਾ ਹਾਂ ਕਿ ਗੁਰੂ ਸਾਹਿਬ ਦੀ ਇਹ ਬਖਸ਼ਿਸ਼ ਹੈ।’’
ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਦੇ ਪਰਵਾਰ ਬੀਬੀ ਜੀ, ਬੇਟੀ ਨਿਮਰਤ ਕੌਰ ਨੂੰ ਮਿਲਿਆ। ਉਹ ਬਹੁਤ ਮਿਹਨਤ ਕਰ ਕੇ ਸਮਾਜ ਦੇ ਭਲੇ ਵਾਲੇ ਮੁੱਦਿਆਂ ’ਤੇ ਵਧੀਆ ਕੰਮ ਕਰ ਰਹੇ ਹਨ। ਅੱਜ ਜਥੇਦਾਰ ਦੇ ਗ਼ਲਤ ਕੰਮਾਂ ਵਿਰੁਧ ਬਹੁਤ ਸਾਰੇ ਲੋਕ ਅੱਜ ਬੋਲਣ ਵਾਲੇ ਖੜੇ ਹੋ ਗਏ ਹਨ। ਪਰ ਉਸ ਵੇਲੇ ਸਿਰਫ਼ ਸ. ਜੋਗਿੰਦਰ ਸਿੰਘ ਨੇ ਸਟੈਂਡ ਲਿਆ ਸੀ ਜੋ ਬੜਾ ਕਾਬਿਲੇਤਾਰੀਫ਼ ਹੈ। ਉਹ ਬੜਾ ਹੌਸਲੇ ਵਾਲਾ ਕੰਮ ਸੀ।’’
ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਇਹ ਜਿਹੜਾ ਸਿਸਟਮ ਹੈ ਕਿ ਜਿਹਦਾ ਦਿਲ ਕਰਦਾ ਉਸ ਨੂੰ ਪੰਥ ਵਿਚੋਂ ਛੇਕ ਦੇਉ ਜਾਂ ਫ਼ਖਰੇ ਕੌਮ ਦੇ ਦੇਉ, ਇਹ ਜਿਹੜਾ ਸਿਸਟਮ ਹੈ ਇਸ ਵਿਚ ਵੱਡੇ ਸੁਧਾਰ ਦੀ ਲੋੜ ਹੈ।’’
ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਸਮੁੱਚੇ ਪੰਥ ਨੂੰ ਇਸ ਮਸਲੇ ਨੂੰ ਲੈ ਕੇ ਕਿ ਫ਼ਖਰੇ ਕੌਮ ਕਿਸ ਨੂੰ ਦੇਣਾ ਹੈ, ਗੱਦਾਰ ਤੁਸੀਂ ਕਿਸ ਨੂੰ ਬਣਾਉਣਾ ਹੈ ਅਤੇ ਕਿਸ ਨੂੰ ਛੇਕਣਾ ਹੈ, ਉਸ ਦਾ ਕੋਈ ਵਿਧੀ ਵਿਧਾਨ ਤਾਂ ਬਣਨਾ ਚਾਹੀਦਾ ਹੈ। ਇਹ ਨਹੀਂ ਇਕ ਪਰਵਾਰ  ਦਾ ਜਿਹੜਾ ਬੰਦਾ ਉਹ ਮਹਾਨ ਹੋ ਗਿਆ, ਜਿਹੜਾ ਉਸ ਪਰਵਾਰ ਨਾਲ ਨਹੀਂ ਸਹਿਮਤੀ ਰੱਖਦਾ ਉਹ ਗੱਦਾਰ ਹੋ ਗਿਆ। ਇਹ ਸਾਡੀ ਕੌਮ ਵਿਚ ਜੋ ਗ਼ਲਤ ਰਵਾਇਤ ਚੱਲ ਪਈ ਹੈ ਇਸ ’ਤੇ ਬਹੁਤ ਵੱਡੇ ਸੁਧਾਰ ਦੀ ਲੋੜ ਹੈ।’’