Manish Sisodia ਦਾ ਬਿਆਨ ਪੰਜਾਬ ਦੇ ਇਤਿਹਾਸਕ ਤੇ ਸੱਭਿਆਚਾਰਕ ਖਾਸੇ ਨੂੰ ਪਲੀਤ ਕਰਨ ਵਾਲਾ : ਐਡਵੋਕੇਟ ਧਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਸਿਸੋਦੀਆ ਦੇ ਪ੍ਰਗਟਾਵੇ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਨੰਗਾ ਹੋਇਆ

Manish Sisodia's statement tarnishes the historical and cultural character of Punjab: Advocate Dhami

ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੇ ਆਗੂ ਮੁਨੀਸ਼ ਸਿਸੋਦੀਆ ਵੱਲੋਂ ਪੰਜਾਬ ਅੰਦਰ 2027 ਦੀਆਂ ਚੋਣਾਂ ਜਿੱਤਣ ਲਈ ਜ਼ਬਰਦਸਤੀ, ਪੈਸੇ, ਗੁੰਡਾਗਰਦੀ, ਝੂਠ, ਫਰੇਬ ਆਦਿ ਦਾ ਸਹਾਰਾ ਲੈਣ ਲਈ ਵਰਕਰਾਂ ਨੂੰ ਉਕਸਾਉਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਗੁਰੂ ਸਾਹਿਬਾਨ ਦੀ ਧਰਤੀ ਪੰਜਾਬ ਦੇ ਪਵਿੱਤਰ ਇਤਿਹਾਸ ਤੇ ਵਿਰਾਸਤ ਨੂੰ ਖੰਡਤ ਕਰਨ ਵਾਲੀ ਹਰਕਤ ਹੈ। ਉਨ੍ਹਾਂ ਕਿਹਾ ਕਿ ਸਿਸੋਦੀਆ ਦੇ ਇਸ ਪ੍ਰਗਟਾਵੇ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੀ ਆਪਣੀ ਇਤਿਹਾਸਕ ਮਹੱਤਤਾ ਅਤੇ ਸੱਭਿਆਚਾਰਕ ਤੇ ਧਾਰਮਿਕ ਖਾਸਾ ਹੈ। ਪੰਜਾਬ ਗੁਰੂਆਂ ਦੇ ਨਾਂ ’ਤੇ ਵੱਸਦਾ ਹੈ ਅਤੇ ਇਥੇ ਦਾ ਹਰ ਕੋਨਾ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਹੋਣ ਕਰਕੇ ਇਕ ਸ਼ਾਨਾਂਮੱਤੀ ਵਿਰਾਸਤ ਨਾਲ ਬੱਝਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਬਖ਼ਸ਼ੀ ਵਿਚਾਰਧਾਰਾ ਪੂਰੀ ਦੁਨੀਆਂ ਨੂੰ ਹੱਕ, ਸੱਚ, ਇਮਾਨਦਾਰੀ, ਭਾਈਚਾਰਕ ਸਾਂਝ, ਕਿਰਤ ਕਰਨ, ਵੰਡ ਛਕਣ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਜਿਹੇ ਸਮਾਜਿਕ ਗੁਣਾਂ ਨਾਲ ਲਬਰੇਜ਼ ਹੈ। 

ਰਾਜਨੀਤੀ ਦੇ ਖੇਤਰ ਅੰਦਰ ਵੀ ਇਹੀ ਕਦਰਾਂ-ਕੀਮਤਾਂ ਪੰਜਾਬ ਦਾ ਹਾਸਲ ਹਨ। ਉਨ੍ਹਾਂ ਆਖਿਆ ਕਿ ਆਮ ਆਦਮ ਪਾਰਟੀ ਇਹ ਕਦੇ ਨਾ ਭੁੱਲੇ ਕਿ ਲੁੱਟ ਖਸੁੱਟ ਕਰਨ ਆਏ ਧਾੜਵੀਆਂ ਨੂੰ ਹਮੇਸ਼ਾ ਪੰਜਾਬ ਤੋਂ ਮੂੰਹ ਦੀ ਖਾਣੀ ਪਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਵਿਚਾਰ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ, ਜਿਸ ਨਾਲ ਸਮਾਜ ਗੰਧਲਾ ਹੋਵੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਜਿਸ ਨੂੰ ਕਲੰਕਤ ਕਰਨ ਵਾਲੀ ਵਿਚਾਰਧਾਰਾ ਦਾ ਵਿਰੋਧ ਕਰਨਾ ਹਰ ਪੰਜਾਬੀ ਦਾ ਧਰਮ-ਕਰਮ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਮੁਖੀ ਹੁੰਦਿਆਂ ਉਹ ਅਜਿਹੀ ਬਿਆਨਬਾਜ਼ੀ ਦੀ ਕਰੜੀ ਨਿੰਦਾ ਕਰਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਇਤਿਹਾਸਕ ਖਾਸੇ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਅਜਿਹੇ ਲੋਕਾਂ ਅਤੇ ਸ਼ਕਤੀਆਂ ਦਾ ਕਰੜਾ ਵਿਰੋਧ ਕਰਨ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।