ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਨੇ ਲਈ ਜਲੰਧਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਥੋਂ ਦੇ ਮਕਸੂਦਾ ਥਾਣੇ ਦੇ ਅੰਦਰ ਬੀਤੀ ਦੇਰ ਸ਼ਾਮ ਨੂੰ ਇਕ ਤੋਂ ਬਾਅਦ ਇਕ ਲਗਾਤਾਰ 3-4 ਧਮਾਕਿਆਂ ਨਾਲ ਕੁੱਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਕਾਰਨ............

Bhindranwala Tigers Force Letter Note

ਜਲੰਧਰ : ਇੱਥੋਂ ਦੇ ਮਕਸੂਦਾ ਥਾਣੇ ਦੇ ਅੰਦਰ ਬੀਤੀ ਦੇਰ ਸ਼ਾਮ ਨੂੰ ਇਕ ਤੋਂ ਬਾਅਦ ਇਕ ਲਗਾਤਾਰ 3-4 ਧਮਾਕਿਆਂ ਨਾਲ ਕੁੱਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਕਾਰਨ ਜਿਥੇ ਦੇਸ਼ ਭਰ ਦਾ ਪੁਲਿਸ ਅਤੇ ਖੁਫੀਆ ਤੰਤਰ ਹਿੱਲ ਕੇ ਰਹਿ ਗਿਆ ਹੈ। ਇਸ ਵਾਰਦਾਤ ਵਿਚ ਇਕ ਤੋਂ ਵਧੇਰੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ ਥਾਣਾ ਮੁਖੀ ਰਮਨਦੀਪ ਸਿੰਘ ਮਾਮੂਲੀ ਜ਼ਖ਼ਮੀ ਹਨ ਜਦ ਕਿ ਇਕ ਹੌਲਦਾਰ ਦੀ ਛਾਤੀ 'ਤੇ ਡੂੰਘੇ ਜ਼ਖ਼ਮ ਆਉਣ ਤੋਂ ਬਾਅਦ ਨੇੜੇ ਹੀ ਸਥਿੱਤ ਇਕ ਨਿੱਜੀ ਹਸਪਤਾਲ ਵਿਚ ਉਸਦਾ ਇਲਾਜ ਚਲ ਰਿਹਾ ਹੈ। 

ਜਦ ਕਿ ਥਾਣਾ ਇਮਾਰਤ ਨੂੰ ਵੀ ਮਾਮੂਲੀ ਨੁਕਸਾਨ ਪੁੱਜਣ ਦੀ ਖ਼ਬਰ ਹੈ ਪਰ ਪੁਲਿਸ ਵਿਭਾਗ ਵਲੋਂ ਵਾਰਦਾਤ ਦੇ ਕਾਫੀ ਦੇਰ ਤਕ ਮੀਡੀਆ ਕੋਲੋਂ ਪਰਦਾ ਬਣਾਈ ਰੱਖਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਹਮਲਾਵਰਾਂ ਨੇ ਥਾਣੇ ਦੇ ਅੰਦਰ 4 ਬੰਬ ਸੁੱਟੇ ਜਿਨ੍ਹਾਂ ਵਿਚੋਂ ਇਕ ਥਾਣਾ ਮੁਖੀ ਦੇ ਦਫਤਰ ਮੂਹਰਾ, ਦੂਜਾ ਸੰਤਰੀ ਦੇ ਬੂਥ ਕੋਲ, ਤੀਜਾ ਹਵਾਲਾਤ ਤੇ ਮੁਨਸ਼ੀ ਦੇ ਕਮਰੇ ਕੋਲ ਅਤੇ ਚੌਥਾ ਥਾਣੇ ਦੇ ਮੁੱਖ ਗੇਟ ਕੋਲ ਸੁੱਟਿਆ ਗਿਆ ਹੈ।

ਦੂਜੇ ਪਾਸੇ ਇਨਾਂ ਬੰਬ ਧਮਾਕਿਆਂ ਦੀ ਜਿੰਮੇਵਾਰੀ ਲੈਂਦੇ ਹੋਏ ਅੱਜ ਪੱਤਰਕਾਰਾਂ ਨੂੰ ਭੇਜੀ ਗਈ ਇਕ ਈ-ਮੇਲ ਰਾਹੀਂ ਪ੍ਰੈੱਸ ਨੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖਾਲਿਸਤਾਨ ਦਾ ਕੰਮ ਹੈ।  btfkpunjab0gmail.com ਰਾਹੀਂ ਪੱਤਰਕਾਰ ਹਲਕਿਆਂ ਨੂੰ ਭੇਜੇ ਗਏ ਇਕ ਪੱਤਰ ਵਿਚ ਜਲੰਧਰ ਦੇ ਮਕਸੂਦਾਂ ਥਾਣੇ ਅੰਦਰ ਧਮਾਕੇ ਕਰਨ ਤੋਂ ਇਲਾਵਾ ਨਵਾਂਸ਼ਹਿਰ ਅਤੇ ਚੰਡੀਗੜ੍ਹ ਵਿਚ ਵੀ ਨੁਕਸਾਨ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਵਾਰਦਾਤਾਂ ਦੀ ਵੀ ਜ਼ਿੰਮੇਵਾਰੀ ਲਈ ਗਈ ਹੈ ਜਦਕਿ ਹਕੀਕਤ ਵਿਚ ਨਵਾਂਸ਼ਹਿਰ ਜਾਂ ਚੰਡੀਗੜ੍ਹ ਤੋਂ ਅਜਿਹੀ ਕਿਸੇ ਵਾਰਦਾਤ ਦੀ ਹਾਲੇ ਤਕ ਕੋਈ ਸੂਚਨਾ ਜਨਤਕ ਨਹੀਂ ਹੋਈ ਹੈ। 

ਚਿੱਠੀ ਵਿਚ ਵੀ ਕਿਹਾ ਗਿਆ ਹੈ ਕਿ ਉਹ ਉਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦੇ ਹਨ ਭਾਵੇਂ ਕਿ ਉਸ ਨੁਕਸਾਨ ਦੀ ਖ਼ਬਰ ਬਾਹਰ ਨਹੀਂ ਆਉਣ ਦਿਤੀ ਗਈ। ਚਿੱਠੀ ਵਿਚ ਅੱਗੇ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਸਿੱਖਾਂ ਉੱਪਰ ਜ਼ੁਲਮ ਕਰਨ ਵਾਲਿਆਂ ਨੂੰ ਸੁੱਖ ਦੀ ਨੀਂਦ ਸੌਣ ਨਹੀਂ ਦਿਤਾ ਜਾਵੇਗਾ। ਭਾਵੇਂ ਉਹ ਕੋਈ ਵੀ ਹੋਵੇ ਸਾਡੇ ਵਲੋਂ ਕਿਸੇ ਨੂੰ ਕੋਈ ਵਾਰਨਿੰਗ ਜਾਂ ਸੰਭਲਣ ਦਾ ਮੌਕਾ ਨਹੀਂ ਦਿਤਾ ਜਾਵੇਗਾ, ਸਿਰਫ ਕਾਰਵਾਈ ਕੀਤੀ ਜਾਊਗੀ।

ਜਿਨ੍ਹਾਂ ਪੁਲਿਸ ਵਾਲਿਆਂ ਨੂੰ ਜਾਨ ਪਿਆਰੀ ਹੈ ਉਹ ਸਿੱਖਾਂ ਉਪਰ ਜੁਲਮ ਕਰਨ ਛੱਡ ਕੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ, ਨਹੀਂ ਤਾਂ ਪ੍ਰਲੋਕ ਦੀ ਤਿਆਰੀ ਕਰ ਕੇ ਰੱਖਣ। ਚਿੱਠੀ ਦੇ ਹੇਠਾਂ ਦਿਲਬਾਗ ਸਿੰਘ ਦੇ ਦਸਤਖ਼ਤ ਵੀ ਕੀਤੇ ਗਏ ਹਨ। ਹਾਲਾਂਕਿ ਇਹ ਚਿੱਠੀ ਅਸਲੀ ਹੈ ਜਾਂ ਕਿਸੇ ਨੇ ਅਜਿਹੀ ਸ਼ਰਾਰਤ ਕੀਤੀ ਹੈ ਇਹ ਸਪਸ਼ਟ ਨਹੀਂ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ 7.30 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਥਾਣੇ ਅੰਦਰ 3-4 ਬੰਬ ਧਮਾਕੇ ਕਰ ਦਿਤੇ ਸਨ।

ਹਾਲਾਂਕਿ ਇਹ ਬੰਬ ਥੋੜੀ ਸਮਰੱਥਾ ਵਾਲੇ ਸਨ ਜਿਸ ਕਾਰਨ ਕੁੱਝ ਮੁਲਾਜ਼ਮਾਂ ਦੇ ਮਾਮੂਲੀ ਜ਼ਖ਼ਮੀ ਹੋਣ ਤੋਂ ਇਲਾਵਾ ਬਹੁਤੇ ਨੁਕਸਾਨ ਤੋਂ ਬਚਾਅ ਹੋ ਗਿਆ।  ਪਰ ਡੀਜੀਪੀ ਪੰਜਾਬ ਸ੍ਰੀ ਸੁਰੇਸ਼ ਅਰੋੜਾ ਜੋ ਜਲੰਧਰ ਵਿਚ ਹੀ ਕਿਸੇ ਸਮਾਰੋਹ ਵਿਚ ਭਾਗ ਲੈਣ ਸਬੰਧੀ ਆਏ ਹੋਏ ਸਨ, ਵੀ ਖੁਦ ਮੌਕੇ 'ਤੇ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। 

ਹਰ ਚੁਨੌਤੀ ਦੇ ਟਾਕਰੇ ਲਈ ਪੁਲਿਸ ਤਿਆਰ : ਸਿਨਹਾ
ਜਦੋਂ ਇਸ ਭੇਜੀ ਗਈ ਚਿੱਠੀ ਸਬੰਧੀ ਜਲੰਧਰ ਦੇ ਕਮਿਸ਼ਨਰ ਪੁਲਿਸ ਪੀ.ਕੇ. ਸਿਨਹਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਵੀ ਪੱਤਰਕਾਰਾਂ ਨੂੰ ਵੀ ਅਜਿਹੀ ਈਮੇਲ ਆਉਣ ਸਬੰਧੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਪੁਲਿਸ ਨੂੰ ਚੁਨੌਤੀ ਦਿਤੀ ਹੈ ਪੁਲਿਸ ਹਰ ਕਿਸੇ ਦੀ ਚੁਣੌਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਫੋਰੈਂਸਿਕ ਜਾਂਚ ਟੀਮ ਨੇ ਮੌਕਾ-ਏ-ਵਾਰਦਾਤ 'ਤੇ ਪਹੁੰਚ ਕੇ ਅਪਣਾ ਕੰਮ ਸ਼ੁਰੂ ਕਰ ਦਿਤਾ ਹੈ ਅਤੇ ਉਸ ਦੀ ਰੀਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਧਮਾਕਿਆਂ ਲਈ ਕਿਹੜੇ ਧਮਾਕਾਖੇਜ਼ ਪਦਾਰਥ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਹਾਲਾਂਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਇਸ ਮਾਮਲੇ ਦੀ ਅਹਿਮੀਅਤ ਦੇ ਮੱਦੇਨਜ਼ਰ ਵਾਰਦਾਤ ਸਬੰਧੀ ਜਾਣਕਾਰੀ

ਕੇਂਦਰੀ ਜਾਂਚ ਏਜੰਸੀਆਂ ਨਾਲ ਵੀ ਸਾਂਝੀ ਕੀਤੀ ਗਈ ਹੈ ਅਤੇ ਕੇਂਦਰੀ ਸੁਰੱਖਿਆ ਬਲ ਨੈਸ਼ਨਲ ਸਕਿਉਰਟੀ ਗਾਰਡਜ਼ (ਐਨਐਸਜੀ) ਨੇ ਮੌਕੇ 'ਤੇ ਪੂਰੀ ਤਿਆਰੀ ਨਾਲ ਪੁੱਜ ਕੇ ਜਾਂਚ ਦਾ ਮੋਰਚਾ ਸੰਭਾਲ ਲਿਆ ਹੈ। ਇਸ ਦੌਰਾਨ ਫੋਰੈਂਸਿਕ ਜਾਂਚ ਟੀਮ ਵੀ ਮੌਕੇ 'ਤੇ ਸਬੂਤ ਇਕੱਠੇ ਕਰਨ ਲਈ ਡਟੀ ਰਹੀ ਅਤੇ ਐਨਐਸਜੀ ਨਾਲ ਅਪਣੇ ਵਲੋਂ ਇਕੱਤਰ ਇਨਪੁਟਸ ਸਾਂਝੇ ਕਰ ਰਹੀ ਹੈ।