ਪੁਰਾਤਨ ਦਰਸ਼ਨੀ ਡਿਉਢੀ ਨੂੰ ਢਾਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰੇ ਹੀ ਵਿਸ਼ਵ ਦੇ ਧਰਮਾਂ ਨੇ ਅਪਣੇ ਪੁਰਾਤਨ ਸਥਾਨਾਂ ਨੂੰ ਆਉਣ ਵਾਲੀਆਂ ਨਸਲਾਂ ਲਈ ਸਾਂਭ ਕੇ ਰਖਿਆ ਹੋਇਆ ਹੈ............

Darshni Deodi

ਤਰਨਤਾਰਨ : ਸਾਰੇ ਹੀ ਵਿਸ਼ਵ ਦੇ ਧਰਮਾਂ ਨੇ ਅਪਣੇ ਪੁਰਾਤਨ ਸਥਾਨਾਂ ਨੂੰ ਆਉਣ ਵਾਲੀਆਂ ਨਸਲਾਂ ਲਈ ਸਾਂਭ ਕੇ ਰਖਿਆ ਹੋਇਆ ਹੈ, ਪਰ ਇਸ ਦੇ ਉਲਟ ਸਿੱਖਾਂ ਨੇ ਅਪਣੇ ਕਰ ਸੇਵਾ ਵਾਲਿਆਂ ਬਾਬਿਆਂ ਦੀ ਅਨਪੜ੍ਹ ਅਤੇ ਇਤਿਹਾਸ-ਮੁਕਾਊ ਗੰਦੀ ਸੋਚ ਦੇ ਮਗਰ ਲੱਗ ਕੇ ਸਾਰੇ ਹੀ ਗੁਰੂ-ਛੋਹ ਵਾਲੇ ਸਥਾਨ ਢਹਿ-ਢੇਰੀ ਕਰ ਕੇ ਇਤਿਹਾਸ ਦਾ ਬੇੜਾ ਗਰਕ ਕਰ ਦਿਤਾ ਹੈ। ਤਾਜ਼ਾ ਉਦਾਹਰਣ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੀ ਪੁਰਾਤਨ ਦਰਸ਼ਨੀ ਡਿਉਢੀ ਨੂੰ ਢਾਹ ਕੇ ਨਵੀਂ ਉਸਾਰਨ ਦੀ ਅਰਦਾਸ ਕੀਤੀ ਗਈ ਜਿਸ ਵਿਚ ਜਗਤਾਰ ਸਿੰਘ ਬਾਬਾ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸ਼ਾਮਲ ਹੋਏ।

ਕੁੱਝ ਸੁਹਿਰਦ ਮੈਂਬਰਾਂ ਵਲੋਂ ਜਦ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਦੀ ਇਕ ਨਹੀਂ ਸੁਣੀ ਗਈ ਸਗੋਂ ਅਰਦਾਸ ਖ਼ਤਮ ਹੁੰਦਿਆਂ ਹੀ ਬਾਬੇ ਦੀ ਸਾਰੀ ਸੰਗਤ ਹਥੌੜੇ ਅਤੇ ਗ਼ੈਤੀਆਂ ਲੈ ਕੇ ਢਾਉਣ ਲੱਗ ਪਈ। ਦਸਣ ਯੋਗ ਹੈ ਕਿ ਇਸ ਡਿਉਢੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਗ੍ਰੰਥੀ ਭਾਈ ਕਾਹਨ ਸਿੰਘ ਭੂਸਲਾ ਦੇ ਸਮੇਂ ਸ਼ੁਰੂ ਹੋਇਆ ਸੀ। ਭਾਈ ਕਾਹਨ ਸਿੰਘ ਭੂਸਲਾ ਨੇ ਤਰਨਤਾਰਨ ਸਾਹਿਬ ਦੇ ਗੁਰਦਵਾਰਾ ਸਾਹਿਬ ਨੂੰ ਆਧੁਨਿਕ ਰੂਪ ਦਿਤਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਭੋਲਾ ਸਿੰਘ ਨੇ 1890 ਵਿਚ ਇਸ ਡਿਉਢੀ ਦਾ ਨਿਰਮਾਣ ਕਰਵਾਇਆ।

ਇਸ ਕਾਰਸੇਵਾ ਬਾਰੇ ਗੱਲ ਕਰਦਿਆਂ ਤਰਨਤਾਰਨ ਦੇ ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਨੇ ਕਿਹਾ ਕਿ ਅਸੀਂ ਇਤਿਹਾਸਕ ਵਿਰਾਸਤ ਨੂੰ ਅਪਣੇ ਹੱਥੀਂ ਖ਼ਤਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਮਾਰਤਸਾਜ਼ੀ ਦੇ ਇਸ ਨਾਮੂਨੇ ਨੂੰ ਸੰਭਾਲ ਕੇ ਰੱਖਣ ਦੀ ਬਜਾਏ ਕਾਰਸੇਵਾ ਦੇ ਨਾਮ 'ਤੇ ਮਲੀਆਮੇਟ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਹੀ ਪੰਥ ਨੂੰ ਬੇਨਤੀ ਹੈ ਕਿ ਇਸ ਪੁਰਾਤਨ ਵਿਰਾਸਤ ਨੂੰ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਦਬਾਅ ਪਾਇਆ ਜਾਵੇ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪੁਰਾਤਨ ਸਿੱਖ ਇਮਾਰਤ-ਕਲਾ ਸਾਂਭ ਕੇ ਰੱਖਿਆ ਜਾ ਸਕੇ।