ਕਿਸਾਨਾਂ ਦੇ ਰੋਹ ਦੇ ਬਾਵਜੂਦ ਖੇਤੀਬਾੜੀ ਬਿਲ ਜ਼ਬਾਨੀ ਵੋਟ ਨਾਲ ਪਾਸ!

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਰੋਹ ਦੇ ਬਾਵਜੂਦ ਖੇਤੀਬਾੜੀ ਬਿਲ ਜ਼ਬਾਨੀ ਵੋਟ ਨਾਲ ਪਾਸ!

image

ਮੁੱਖ ਮੰਤਰੀ ਵਲੋਂ ਅਦਾਲਤ ਵਿਚ ਜਾਣ ਦੀ ਧਮਕੀ--ਅਕਾਲੀਆਂ ਨੂੰ ਬੀਜੇਪੀ ਨਾਲ ਰਲ ਕੇ ਕਿਸਾਨਾਂ ਨਾਲ ਦੁਸ਼ਮਣੀ ਕਰਨ ਦਾ ਲਾਇਆ ਦੋਸ਼, ਭਗਵੰਤ ਮਾਨ ਵੀ ਗਰਜੇ
 

ਚੰਡੀਗੜ੍ਹ, 15 ਸਤੰਬਰ (ਨੀਲ ਭਾਲਿੰਦਰ ਸਿੰਘ): ਅੱਜ ਦੇਸ਼ ਭਰ ਵਿਚ ਕਿਸਾਨ ਹਿਤਾਂ ਅਤੇ ਖੇਤੀ ਖੇਤਰ ਲਈ ਫ਼ਿਕਰਮੰਦ ਲੋਕਾਂ ਲਈ ਨਮੋਸ਼ੀਜਨਕ ਦਿਨ ਰਿਹਾ ਹੈ ਕਿਉਂਕਿ ਕਿਸਾਨ ਹਿਤੈਸ਼ੀਆਂ ਦੇ ਡਟਵੇਂ ਵਿਰੋਧ ਦੇ ਬਾਵਜੂਦ ਵੀ ਲੋਕ ਸਭਾ ਨੇ ਮੰਗਲਵਾਰ ਨੂੰ ਜ਼ਰੂਰੀ ਵਸਤਾਂ  (ਸੋਧ) ਬਿਲ 2020 ਨੂੰ ਮਨਜ਼ੂਰੀ ਦੇ ਦਿਤੀ ਹੈ। ਜ਼ਰੂਰੀ ਵਸਤੂ (ਸੋਧ) ਬਿਲ-2020 ਅਨਾਜ,ਦਾਲਾਂ, ਤਿਲਹਣ, ਖਾਣਯੋਗ ਤੇਲ, ਗੰਢਿਆਂ, ਆਲੂਆੰ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਤੋਂ ਹਟਾਉਣ ਦਾ ਪ੍ਰਾਵਧਾਨ ਕਰਦਾ ਹੈ । ਇਹ ਆਰਡੀਨੈਂਸ 5 ਜੂਨ 2020 ਨੂੰ ਜਾਰੀ ਕੀਤਾ ਗਿਆ ਸੀ ।
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਲ ਪਾਸ ਕਰਨ ਦਾ ਡਟ ਕੇ ਇਕ ਵਾਰ ਫਿਰ ਵਿਰੋਧ ਕੀਤਾ ਹੈ। ਉਨ੍ਹਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਪਰ ਉਹ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ। ਕਾਂਗਰਸ ਪਾਰਟੀ ਖ਼ਾਸਕਰ ਪੰਜਾਬ ਸਰਕਾਰ ਇਸ ਮੁੱਦੇ ਉੱਤੇ ਹੁਣ ਅਦਾਲਤ ਵਿਚ ਜਾਵੇਗੀ ਤੇ ਇਸ ਨੂੰ ਚੁਨੌਤੀ ਦੇਵੇਗੀ। ਖੇਤੀ ਆਰਡੀਨੈਂਸ ਨੂੰ ਲੇ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ  ਵੀ ਦਰਾੜ ਪੈ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਿਲ ਪਾਸ ਕਰ ਕੇ ਸੰਵਿਧਾਨ ਵਿਚ ਪ੍ਰਵਾਨ ਕੀਤੇ ਰਾਜਾਂ ਦੇ ਅਧਿਕਾਰਾਂ ਉਤੇ ਡਾਕਾ ਮਾਰਿਆ ਗਿਆ ਹੈ ਜੋ ਕਿਸਾਨਾਂ ਲਈ ਮਾਰੂ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਵਾਲੇ ਕਹਿ ਰਹੇ ਹਨ ਕਿ ਹੁਣ ਕਿਸਾਨ ਮੁਕਾਬਲੇਬਾਜ਼ੀ ਵਿਚ, ਚੰਗੀ ਕਾਰਗੁਜ਼ਾਰੀ ਕਰਨਗੇ। ਉਨ੍ਹਾਂ ਕਿਹਾ ਵਿਚਾਰਾ ਕਿਸਾਨ ਕਿਵੇਂ ਸਰਮਾਏਦਾਰਾਂ ਨਾਲ ਮੁਕਾਬਲੇਬਾਜ਼ੀ ਵਿਚ ਪਵੇਗਾ? ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹਾਊਸ ਵਿਚ ਮੌਜੂਦ ਸੀ ਪਰ ਉਸ ਨੇ ਕਿਸਾਨ ਹਿਤਾਂ ਨੂੰ ਬਚਾਉਣ ਲਈ ਕੁੱਝ ਨਾ ਕੀਤਾ।
ਉਨ੍ਹਾਂ ਸੁਖਬੀਰ ਨੂੰ ਪੁਛਿਆ,''ਹੁਣ ਗਠਜੋੜ ਵਿਚੋਂ ਬਾਹਰ ਆ ਜਾਉ ਜਾਂ ਅਜੇ ਵੀ ਦਰਵਾਜ਼ੇ ਦੀ ਬਾਹਰ ਖੜੇ ਰਹਿ ਕੇ ਅਪਣੇ ਲਈ ਕੁੱਝ ਰਹਿੰਦ ਖੂੰਹਦ ਮੰਗਣ ਦਾ ਕੰਮ ਜਾਰੀ ਰੱਖੋਗੇ?'' ਉਨ੍ਹਾਂ ਕਿਹਾ, ਕਿਸਾਨਾਂ ਨਾਲ ਧੋਖਾ ਕਰਨ ਵਿਚ ਅਕਾਲੀ ਪੂਰੀ ਤਰ੍ਹਾਂ ਭਾਈਵਾਲਾਂ ਵਾਂਗ ਵਿਚਰੇ ਹਨ ਤੇ ਉਸ ਪਾਰਟੀ ਦਾ ਸਾਥ ਦੇ ਰਹੇ ਹਨ ਜੋ ਕਿਸਾਨਾਂ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ।