ਦਲ ਖ਼ਾਲਸਾ ਨੇ ਟਾਸਕ ਫ਼ੋਰਸ ਵਲੋਂ ਕੀਤੀ ਹੁਲੜਬਾਜ਼ੀ ਦੀ ਕੀਤੀ ਨਿੰਦਾ

ਏਜੰਸੀ

ਖ਼ਬਰਾਂ, ਪੰਜਾਬ

ਦਲ ਖ਼ਾਲਸਾ ਨੇ ਟਾਸਕ ਫ਼ੋਰਸ ਵਲੋਂ ਕੀਤੀ ਹੁਲੜਬਾਜ਼ੀ ਦੀ ਕੀਤੀ ਨਿੰਦਾ

image

ਦਲ ਖ਼ਾਲਸਾ ਨੇ ਵਾਪਰੀ ਘਟਨਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਮੰਗਿਆ ਜਵਾਬ

ਅੰਮ੍ਰਿਤਸਰ, 15 ਸਤੰਬਰ (ਪਰਮਿੰਦਰਜੀਤ): ਦਲ ਖ਼ਾਲਸਾ ਵਲੋਂ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਕੀਤੀ ਹੁਲੜਬਾਜ਼ੀ ਦੀ ਨਿੰਦਾ ਕੀਤੀ ਗਈ  ਅਤੇ ਅਕਾਲ ਫ਼ੈਡਰੇਸ਼ਨ ਨੇ ਧਰਨੇ ਵਾਲੀ ਥਾਂ ਦੀ ਕੀਤੀ ਘੇਰਾਬੰਦੀ ਅਤੇ ਕਿਲਾਬੰਦੀ ਨੂੰ ਸ਼੍ਰੋਮਣੀ ਕਮੇਟੀ ਦੀ ਬੁਖਲਾਹਟ ਦਾ ਨਤੀਜਾ ਦਸਿਆ । 
ਦਲ ਖ਼ਾਲਸਾ ਨੇ ਕਿਹਾ ਕਿ ਦਰਬਾਰ ਸਾਹਿਬ ਸਮੂਹ ਅੰਦਰ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮੁੱਦੇ ਉਤੇ ਰੋਸ ਕਰਦੀਆਂ ਸਤਿਕਾਰ ਕਮੇਟੀਆਂ ਨਾਲ ਜੁੜੀਆਂ ਸੰਗਤਾਂ 'ਤੇ ਡਾਂਗਾਂ ਵਰਾ ਕੇ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਮੂਰਖਤਾ ਅਤੇ ਹਲਕਾਪਣ ਦਾ ਸਬੂਤ ਦਿਤਾ ਹੈ। ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਲਠਮਾਰਾਂ ਨੇ ਪੱਤਰਕਾਰਾਂ ਨੂੰ ਵੀ ਨਹੀਂ ਬਖ਼ਸ਼ਿਆ ਜੋ ਅਪਣੀ ਜ਼ੁਮੇਵਾਰੀ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਮੁਲਾਜ਼ਮਾਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਅੱਜ ਵਾਪਰੀ ਸ਼ਰਮਨਾਕ ਘਟਨਾ ਲਈ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਜਵਾਬ ਮੰਗਿਆ। ਅਕਾਲ ਫ਼ੈਡਰੇਸ਼ਨ ਦੇ ਨਰਾਇਣ ਸਿੰਘ ਨੇ ਦਸਿਆ ਕਿ ਪੰਥਕ ਜਥੇਬੰਦੀਆਂ ਦਾ ਇਕੱਠ 17 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ ਹੈ ਜਿਸ ਵਿਚ ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਨਾਲ ਹੀ ਸ਼੍ਰੋਮਣੀ ਕਮੇਟੀ ਪਾਸੋਂ ਲਾਪਤਾ ਹੋਏ ਸਰੂਪਾਂ ਦਾ ਹਿਸਾਬ ਲੈਣ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।