ਪੰਜਾਬ 'ਚ ਥਾਂ-ਥਾਂ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਵਿਰੁਧ ਮੁਜ਼ਾਹਰੇ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਥਾਂ-ਥਾਂ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਵਿਰੁਧ ਮੁਜ਼ਾਹਰੇ ਜਾਰੀ

image

image

ਪਟਿਆਲਾ, 15 ਸਤੰਬਰ (ਜਸਪਾਲ ਸਿੰਘ ਢਿੱਲੋਂ, ਤਜਿੰਦਰ ਫ਼ਤਿਹਪੁਰ) : ਕੇਂਦਰ ਸਰਕਾਰ ਵਲੋਂ ਖੇਤੀ ਆਰਡੀਨੈਂਸਾਂ ਨੂੰ ਲਿਆ ਕੇ ਲੋਕ 'ਚ ਕਾਨੂੰਨ ਬਣਾਉਣ ਲਈ ਬਿਲ ਲਿਆਂਦਾ ਜਾ ਚੁੱਕਾ ਹੈ। ਇਸ ਸਬੰਧੀ ਰਾਜ ਦੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦਾ ਐਲਾਨ ਕਰ ਦਿਤਾ । ਇਸ ਸਬੰਧੀ ਪੂਰੇ ਪੰਜਾਬ 'ਚ ਕਿਸਾਨਾਂ ਵੱਡੀ ਪੱਧਰ 'ਤੇ ਧਰਨੇ ਦਿਤੇ ਗਏ । ਅੱਜ ਪਟਿਆਲਾ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਟਰਾਲੀਆਂ 'ਚ ਆ ਕੇ ਇਕ ਮਾਰਚ ਕਰ ਕਢਿਆ ਗਿਆ। ਸੂਬੇ ਭਰ ਵਿਚ ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਪੰਜ ਦਿਨਾਂ ਦਾ ਲਗਾਤਾਰ ਰੋਸ ਮਾਰਚ ਜਾਰੀ ਹੈ। ਪ੍ਰਦਰਸ਼ਨ ਵਿਚ ਵਧੇਰੇ ਕਰ ਕੇ ਔਰਤਾਂ ਵੀ ਸ਼ਾਮਲ ਹੋਈਆਂ। ਇਨ੍ਹਾਂ ਕਿਸਾਨਾਂ ਵਲੋਂ ਲਗਾਤਾਰ ਪੱਕਾ ਮੋਰਚਾ ਪਟਿਆਲਾ ਵਿਖੇ ਸ਼ੁਰੂ ਕਰ ਦਿਤਾ ਤੇ ਖਾਣ-ਪੀਣ ਦਾ ਪ੍ਰਬੰਧ ਵੀ ਧਰਨੇ ਵਾਲੀ ਥਾਂ 'ਤੇ ਹੀ ਕੀਤਾ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੋਗੋਂਵਾਲ, ਰੂਪ ਸਿੰਘ ਛੰਨਾ, ਸੌਦਾਗਰ ਸਿੰਘ, ਮਨਜੀਤ ਸਿੰਘ ਨਿਆਲ ਆਦਿ ਨੇ ਸ਼ਮੂਲੀਅਤ ਕੀਤੀ।
ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਪਿਛਲੇ ਲੰਮੇ ਸਮੇਂ ਤੋਂ ਸੰਗਰੂਰ ਸੜਕ 'ਤੇ ਪਿੰਡ ਮਹਿਮਦਪੁਰ ਦੇ ਅਨਾਜ ਮੰਡੀ 'ਚ ਹੀ ਸੀਮਤ ਰਖਿਆ ਗਿਆ ਸੀ , ਹੁਣ ਇਹ ਕਿਸਾਨ ਵੱਡੀ ਗਿਣਤੀ 'ਚ ਪਟਿਆਲਾ ਸ਼ਹਿਰ ਅੰਦਰ ਆ ਗਏ, ਇਨ੍ਹਾਂ ਨੂੰ ਆਗਿਆ ਕਿਸ ਨੇ ਦਿਤੀ , ਇਹ ਇਕ ਅਪਣੇ ਆਪ 'ਚ ਸਵਾਲ ਹੈ, ਪ੍ਰਸ਼ਾਸਨ ਨੇ ਇਨ੍ਹਾਂ ਨੂੰ ਇਥੇ ਆਉਣ ਦੀ ਆਗਿਆ ਕਿਉਂ ਦਿਤੀ ਹਾਲਾਂ ਕਿ ਇਸ ਸੰਘਰਸ਼ ਸਬੰਧੀ ਕਿਸਾਨਾਂ ਨੇ ਅਗਾਉ ਐਲਾਨ ਕੀਤਾ ਹੋਇਆ ਸੀ।