ਤੇਜ਼ ਰਫ਼ਤਾਰ ਟਰੈਕਟਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਨੇ ਲਈ ਇਕ ਕੀਮਤੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

59 ਸਾਲਾ ਇੰਦਰਪਾਲ ਸਿੰਘ ਦੀ ਮੌਕੇ ‘ਤੇ ਹੋਈ ਮੌਤ

Road Accident in Nabha

ਨਾਭਾ (ਐਸਕੇ ਸ਼ਰਮਾ): ਸਥਾਨਕ ਭਵਾਨੀਗੜ ਰੋਡ ‘ਤੇ ਤੇਜ਼ ਰਫ਼ਤਾਰ ਟਰੈਕਟਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਅਤੇ ਟਰੈਕਟਰ ਸਵਾਰ ‘ਤੇ ਮਾਮਲਾ ਦਰਜ ਕਰ ਲਿਆ।

ਇਸ ਹਾਦਸੇ ਵਿਚ 59 ਸਾਲਾ ਇੰਦਰਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਇੰਦਰਪਾਲ ਸਿੰਘ ਨਾਭਾ ਦੇ ਬੀਡੀਪੀਓ ਦਫ਼ਤਰ ਵਿਚ ਚਪੜਾਸੀ ਦੀ ਨੌਕਰੀ ਕਰਦਾ ਸੀ। ਦਰਅਸਲ ਜਦੋਂ ਮ੍ਰਿਤਕ ਇੰਦਰਪਾਲ ਓਵਰਬ੍ਰਿਜ ਕੋਲ ਖੜ੍ਹਾ ਸੀ ਤਾਂ ਅਚਾਨਕ ਤੇਜ਼ ਰਫਤਾਰ ਟਰੈਕਟਰ ਨੇ ਆ ਕੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ, ਇਸ ਨਾਲ ਇੰਦਰਪਾਲ ਦਾ ਸਿਰ ਟਰੈਕਟਰ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਟਰੈਕਟਰ ਚਾਲਕ ਮੌਕੇ ‘ਤੇ ਟਰੈਕਟਰ ਲੈ ਕੇ ਫਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਦਾ ਪਿੱਛਾ ਕੀਤਾ ਤਾਂ ਉਹ ਚਾਲਕ ਟਰੈਕਟਰ ਛੱਡ ਕੇ ਉੱਥੋਂ ਰਫ਼ੂ ਚੱਕਰ ਹੋ ਗਿਆ। ਪੁਲਿਸ ਨੇ ਟਰੈਕਟਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ  ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਇੰਦਰਪਾਲ ਸਿੰਘ ਦੀ ਪਤਨੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਹੁਣ ਉਹ ਅਪਣੇ ਪਿੱਛੇ ਇਕ ਬੇਟੇ ਨੂੰ ਛੱਡ ਗਿਆ ਹੈ। ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਇਕ ਤੇਜ਼ ਰਫ਼ਤਾਰ ਟਰੈਕਟਰ ਨੇ ਇੰਦਰਪਾਲ ਸਿੰਘ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ, ਇਸ ਨਾਲ ਇੰਦਰਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਮੌਕੇ ਪੁਲਿਸ ਦੇ ਜਾਂਚ ਅਧਿਕਾਰੀ ਸੁਦਰਸ਼ਨ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਵਿਚ ਇੰਦਰਪਾਲ ਸਿੰਘ ਦੀ ਮੌਤ ਹੋ ਗਈ ਅਤੇ ਇਹ ਮੌਤ ਤੇਜ਼ ਰਫ਼ਤਾਰ ਟਰੈਕਟਰ ਕਾਰਨ ਵਾਪਰੀ ਹੈ ਅਤੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।