ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ 'ਤੇ ਮੁਕੱਦਮਾ ਦਰਜ ਹੋਣਾ ਚਾਹੀਦੈ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ 'ਤੇ ਮੁਕੱਦਮਾ ਦਰਜ ਹੋਣਾ ਚਾਹੀਦੈ : ਜਸਵਿੰਦਰ ਸਿੰਘ ਐਡਵੋਕੇਟ

image

ਅੰਮ੍ਰਿਤਸਰ, 15 ਸਤੰਬਰ (ਪਰਮਿੰਦਰਜੀਤ): ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਕੀ ਫ਼ੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਾਰ-ਕੁਟਾਈ ਦੀ ਵਾਪਰੀ ਘਟਨਾ ਨੂੰ ਬਹੁਤ ਦੁਖਦਾਈ ਅਤੇ ਸ਼ਰਮਨਾਕ ਦਸਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਗੱਲਬਾਤ ਟੁਟਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਪਣੇ ਵਿਰੋਧੀ ਵਿਚਾਰਾਂ ਵਾਲਿਆਂ 'ਤੇ ਜ਼ੁਲਮ ਕਰੋਗੇ, ਮਾਰ-ਕੁੱਟ ਕਰੋਗੇ। ਵਿਚਾਰਾਂ ਦਾ ਵਖਰੇਵਾਂ ਤੇ ਅਪਣੇ ਢੰਗ ਨਾਲ ਕੌਮ ਦੀ ਬੇਹਤਰੀ ਲਈ ਸੋਚਣਾ ਸੱਭ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਕਾਰੇ ਦੀ ਵਿਉਂਤ ਰਾਤ ਨੂੰ ਹੀ ਬਣ ਗਈ ਹੋਵੇਗੀ ਜਦੋਂ 10-10 ਫੁੱਟ ਦੀਆਂ ਟੀਨਾਂ ਲਗਾ ਕੇ ਰਾਹ ਬੰਦ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਲੀਡਰਸ਼ੀਪ ਕਮਜ਼ੋਰ ਹੈ, ਪ੍ਰਧਾਨ ਆਪ ਬਾਦਲਾਂ ਦੇ ਹੱਥਾਂ ਵਿਚ ਖੇਡ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ 328 ਸਰੂਪਾਂ ਬਾਰੇ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਰ.ਟੀ.ਆਈ. ਰਾਹੀਂ ਮੰਗੀ ਜਾਣਕਾਰੀ ਮਿਲਣ ਤੋਂ ਬਾਅਦ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ।