ਸ਼੍ਰੋਮਣੀ ਕਮੇਟੀ ਨੇ ਅਪਣੀ 'ਲੱਠਮਾਰੀ ਦੀ ਤਾਕਤ' ਦਰਬਾਰ ਸਾਹਿਬ ਦੇ ਹਾਤੇ ਵਿਚ ਸੰਗਤਾਂ ਉਤੇ ਵਿਖਾਈ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਨੇ ਅਪਣੀ 'ਲੱਠਮਾਰੀ ਦੀ ਤਾਕਤ' ਦਰਬਾਰ ਸਾਹਿਬ ਦੇ ਹਾਤੇ ਵਿਚ ਸੰਗਤਾਂ ਉਤੇ ਵਿਖਾਈ

image

ਕਈ ਜ਼ਖ਼ਮੀ, ਸੰਗਤਾਂ ਦਰਬਾਰ ਸਾਹਿਬ ਮੱਥਾ ਟੇਕਣ ਨਾ ਜਾ ਸਕੀਆਂ
 

ਅੰਮ੍ਰਿਤਸਰ, 15 ਸਤੰਬਰ (ਪਰਮਿੰਦਰਜੀਤ): ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਰੈਣੂ ਮਹੰਤ ਦੇ ਪੂਰਨਿਆਂ ਤੇ ਚਲ ਕੇ ਸ੍ਰੀ ਦਰਬਾਰ ਸਾਹਿਬ ਵਿਚ ਸ਼ਾਂਤਮਈ ਢੰਗ ਨਾਲ ਸਿਮਰਨ ਕਰਦੀਆਂ ਸੰਗਤਾਂ ਤੇ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਮਾਰਕੁਟਾਈ ਕੀਤੀ। ਇਸ ਮਾਰਕੁਟਾਈ ਵਿਚ ਕਰੀਬ ਪੰਜ ਸਿੰਘ ਜ਼ਖ਼ਮੀ ਹੋਏ ਜਦਕਿ ਸ਼੍ਰੋਮਣੀ ਕਮੇਟੀ ਦੇ ਦੋ ਵਧੀਕ ਸਕੱਤਰਾਂ ਪ੍ਰਤਾਪ ਸਿੰਘ ਅਤੇ ਬਿਜੈ ਸਿੰਘ ਨੂੰ ਵੀ ਕੁੱਝ ਸੱਟਾਂ ਲੱਗੀਆਂ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਗੁਰਦਵਾਰਾ ਬਾਬਾ ਅਟੱਲ ਰਾਇ ਸਾਹਿਬ ਤਕ ਜਾਂਦੀ ਸੜਕ 'ਤੇ ਟੀਨਾਂ ਲਗਾ ਕੇ ਪੂਰੀ ਤਰ੍ਹਾਂ ਨਾਲ ਕਿਲ੍ਹੇਬੰਦੀ ਕੀਤੀ ਹੋਈ ਸੀ। ਪ੍ਰਬੰਧਕ ਤੋਂ ਮਾਲਕ ਹੋਣ ਦਾ ਭਰਮ ਪਾਲੀ ਬੈਠੇ ਇਨ੍ਹਾਂ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਤੋਂ ਜਾਂਦਾ ਰਾਹ ਵੀ ਟੀਨ ਲਗਾ ਕੇ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਰਹੀਆਂ। ਟੀਨਾਂ ਲੱਗੀਆਂ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ 'ਤੇ ਲੱਗੇ ਮੋਰਚੇ ਵਿਚ ਭਾਗ ਲੈਣ ਆਈ ਸੰਗਤ ਨੇ ਰਾਹ ਬੰਦ ਹੋਣ ਕਾਰਨ ਲੰਗਰ ਹਾਲ ਦੇ ਬਾਹਰ ਹੀ ਧਰਨਾ ਸ਼ੁਰੂ ਕਰ ਦਿਤਾ। ਅੱਜ ਦਾ ਦਿਨ ਸਿੱਖ ਇਤਿਹਾਸ ਵਿਚ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ। ਸ੍ਰੀ ਦਰਬਾਰ ਸਾਹਿਬ ਦੀ ਸੜਕ 'ਤੇ ਪੂਰਾ ਦਿਨ ਗਹਿਮਾ ਗਹਿਮੀ ਵਾਲਾ ਦਿਨ ਰਿਹਾ।  ਦੁਪਿਹਰ ਕਰੀਬ 11 ਵਜੇ ਅਚਾਨਕ ਮਾਹੌਲ ਤਣਾਅ ਵਾਲਾ ਹੋ ਗਿਆ ਜਦ ਵੱਡੀ ਗਿਣਤੀ ਵਿਚ ਮੁਲਾਜ਼ਮ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਇੱਕਠੇ ਹੋ ਕੇ ਲਾਪਤਾ ਸਰੂਪਾਂ ਦੇ ਮਾਮਲੇ ਤੇ ਰੋਸ ਪ੍ਰਗਟ ਕਰ ਰਹੀ ਸੰਗਤ ਦੇ ਨੇੜੇ ਆਣ ਖੜੇ ਹੋਏ ਤੇ ਇਥੇ ਹੋਈ ਤਲਖ਼ ਕਲਾਮੀ ਤੋਂ ਬਾਅਦ ਮਾਹੌਲ ਵਿਗੜ ਗਿਆ ਜਿਸ ਤੋਂ ਬਾਅਦ ਗੱਲ ਲੜਾਈ ਤਕ ਪੁੱਜ ਗਈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਾਪ ਕਰਦੀਆਂ ਸੰਗਤਾਂ ਵਿਚ ਬੈਠੇ ਨਿੰਹਗ ਸਿੰਘਾਂ ਤੇ ਡਾਂਗਾਂ ਵਰ੍ਹਾਈਆਂ। ਇਸ ਦੌਰਾਨ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਬਦਸਲੂਕੀ ਵੀ ਕੀਤੀ ਗਈ।
ਇਸ ਮੌਕੇ ਬੋਲਦਿਆਂ ਬੀਬੀ ਮਨਿੰਦਰ ਕੌਰ ਨੇ ਕਿਹਾ ਕਿ ਪ੍ਰਬੰਧਕ ਨਰੈਣੂ ਮਹੰਤ ਦੇ ਦਸੇ ਰਾਹ 'ਤੇ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਕੇਵਲ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਤਿਕਾਰ ਦੀ ਬਹਾਲੀ ਲਈ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਦੁਖ ਦੀ ਗਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਕੌਮ ਦਾ ਜਲੂਸ ਕੱਢ ਰਹੇ ਹਨ। ਉਨ੍ਹਾਂ ਬੇਹਦ ਦੁਖ ਭਰੇ ਲਹਿਜੇ ਵਿਚ ਕਿਹਾ ਕਿ ਇਨ੍ਹਾਂ ਦੀ ਇਸ ਕਾਰਵਾਈ ਨੇ ਪੰਥ ਦਾ ਸਿਰ ਨੀਵਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਬੜੇ ਯਤਨਾਂ ਨਾਲ ਖੜੇ ਕੀਤਾ ਸੀ ਪਰ ਅੱਜ ਦੀ ਘਟਨਾ ਨੇ ਸਾਨੂੰ ਨਨਕਾਣਾ ਸਾਹਿਬ ਦੀ ਘਟਨਾ ਦੀ ਯਾਦ ਤਾਜ਼ਾ ਕਰ ਦਿਤੀ ਹੈ।

ਜਥਾ ਸਿਰਲਥ ਖ਼ਾਲਸਾ ਦੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਅੱਜ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਨਰੈਣੂ ਮਹੰਤ ਦੀ ਰੂਹ ਇਕ ਵਾਰ ਫਿਰ ਤੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਅੰਦਰ ਆ ਗਈ ਹੈ। ਉਨ੍ਹਾਂ ਕਿਹਾ ਕਿ ਅਸੀ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਦੋਸ਼ੀ ਦਸੇ ਜਾਂਦੇ ਕਰਮਚਾਰੀਆਂ 'ਤੇ ਪੁਲਿਸ ਕਾਰਵਾਈ ਦੀ ਮੰਗ ਕਰ ਰਹੇ ਹਾਂ ਫਿਰ ਵੀ ਸਾਡੇ ਤੇ ਹਮਲਾਵਰ ਹੋ ਕੇ ਸਾਡੀਆਂ ਦਸਤਾਰਾਂ ਰੋਲੀਆਂ ਜਾ ਰਹੀਆਂ ਹਨ। ਇਸ ਮੌਕੇ ਬੋਲਦਿਆਂ ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਘਟਨਾ ਨੇ ਸਾਨੂੰ ਸੋਚਣ 'ਤੇ ਮਜਬੂਰ ਕਰ ਦਿਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਕਿੰਨੀ ਨੀਵੀਂ ਸੋਚ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਕੀਤੀ ਬੇਰੀਕੇਡਿੰਗ ਦਸਦੀ ਹੈ ਇਹ ਲੋਕ ਖ਼ੁਦ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਲਕ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਨੇ ਮੁਗ਼ਲ ਰਾਜ, ਅੰਗਰੇਜ਼ ਰਾਜ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿਤੀ ਹੈ। ਇਹ ਸਾਰੀਆਂ ਹੱਦਾਂ ਟੱਪ ਗਏ ਹਨ। ਅੱਜ ਦੀਆਂ ਪਾਬੰਦੀਆਂ ਦਸਦੀਆਂ ਹਨ ਕਿ ਇਨ੍ਹਾਂ ਦਾ ਪੰਥ ਨਾਲ ਕੋਈ ਸਬੰਧ ਨਹੀਂ ਹੈ।