ਸਿਮਰਜੀਤ ਬੈਂਸ ਖ਼ਿਲਾਫ਼ ਜਬਰ-ਜ਼ਿਨਾਹ ਮਾਮਲੇ ਦੀ ਜਾਂਚ ਕਰੇਗੀ SIT 

ਏਜੰਸੀ

ਖ਼ਬਰਾਂ, ਪੰਜਾਬ

ਏ. ਡੀ. ਸੀ. ਪੀ. ਰੁਪਿੰਦਰ ਕੌਰ ਭੱਟੀ ਦੀ ਅਗਵਾਈ 'ਚ ਬਣੀ ਐਸ. ਆਈ. ਟੀ. 4 ਹਫ਼ਤਿਆਂ ਅੰਦਰ ਇਹ ਜਾਂਚ ਪੂਰੀ ਕਰੇਗੀ।

SIT to probe rape case against Simarjit Bains

ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਜਬਰ-ਜ਼ਿਨਾਹ ਦੇ ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਹੈ। ਸਰਕਾਰ ਨੇ ਦੱਸਿਆ ਕਿ ਏ. ਡੀ. ਸੀ. ਪੀ. ਰੁਪਿੰਦਰ ਕੌਰ ਭੱਟੀ ਦੀ ਅਗਵਾਈ 'ਚ ਬਣੀ ਐਸ. ਆਈ. ਟੀ. 4 ਹਫ਼ਤਿਆਂ ਅੰਦਰ ਇਹ ਜਾਂਚ ਪੂਰੀ ਕਰੇਗੀ।

ਇਸ ਮਾਮਲੇ 'ਚ ਸ਼ਿਕਾਇਤ ਕਰਤਾ ਦੇ ਵਕੀਲ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਸਿਮਰਜੀਤ ਸਿੰਘ ਬੈਂਸ ਇਸ ਮਾਮਲੇ ਦੇ ਗਵਾਹਾਂ ਨੂੰ ਸੂਬੇ ਦੇ ਬਾਹਰ ਕਿਸੇ ਨਾ ਕਿਸੇ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਇਸ ਸਬੰਧੀ ਹਾਈਕੋਰਟ ਨੂੰ ਅਮਲ ਕਰਨਾ ਚਾਹੀਦਾ ਹੈ। ਇਸ ਜਾਣਕਾਰੀ ਤੋਂ ਬਾਅਦ ਹਾਈਕੋਰਟ ਨੇ ਐਸ. ਆਈ. ਟੀ. ਨੂੰ ਹੁਕਮ ਦਿੱਤੇ ਹਨ ਕਿ ਉਹ ਸ਼ਿਕਾਇਤ ਕਰਤਾ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਜਾਂਚ ਕਰੇ।

ਅਦਾਲਤ ਵਿਚ ਹਾਜ਼ਰ ਭੱਟੀ ਨੇ ਭਰੋਸਾ ਦਿੱਤਾ ਕਿ ਉਹ ਜਾਂਚ 4 ਹਫਤਿਆਂ ਵਿਚ ਪੂਰੀ ਕਰ ਲਵੇਗੀ। ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਬੈਂਸ ਵਿਰੁੱਧ ਬਲਾਤਕਾਰ ਦੇ ਕੇਸ ਵਿਚ ਪ੍ਰਵਾਨਗੀ ਮੰਗੀ ਗਈ ਹੈ। ਭੱਟੀ ਨੇ ਅਦਾਲਤ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਬੈਂਸ ਵੱਲੋਂ ਗਵਾਹਾਂ ਨੂੰ ਧਮਕਾਉਣ ਦੇ ਦੋਸ਼ਾਂ ਦੀ ਵੀ ਜਾਂਚ ਕਰੇਗੀ।