ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਕੁੱਟਮਾਰ ਦੇ ਮਾਮਲੇ ’ਚ 13 ਵਿਦਿਆਰਥੀਆਂ ਖਿਲਾਫ਼ ਪਰਚਾ ਦਰਜ
13 ਵਿਚੋਂ 3 ਵਿਦਿਆਰਥੀਆਂ ਦੀ ਪਛਾਣ ਹੋ ਚੁੱਕੀ ਹੈ ਜਦੋਂ ਕਿ 10 ਦੀ ਪਛਾਣ ਕਰਨੀ ਬਾਕੀ ਹੈ।
ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿਚ ਇਕ ਵਿਦਿਆਰਥਣ ਦੀ ਮੌਤ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਪ੍ਰੋ. ਸੁਰਜੀਤ ਸਿੰਘ ’ਤੇ ਵਿਦਿਆਰਥਣ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਤੇ ਹੁਣ ਪ੍ਰੋਫੈਸਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ 13 ਵਿਦਿਆਰਥੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਰਬਨ ਅਸਟੇਟ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 13 ਵਿਚੋਂ 3 ਵਿਦਿਆਰਥੀਆਂ ਦੀ ਪਛਾਣ ਹੋ ਚੁੱਕੀ ਹੈ ਜਦੋਂ ਕਿ 10 ਦੀ ਪਛਾਣ ਕਰਨੀ ਬਾਕੀ ਹੈ।
ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰੋਫੈਸਰ ਖਿਲਾਫ਼ ਵਾਈਸ ਚਾਂਸਲਰ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਦੋਸ਼ ਲਾਇਆ ਹੈ ਕਿ ਪ੍ਰੋਫੈਸਰ ਕਲਾਸ ਵਿਚ ਵਿਦਿਆਰਥੀ ਨਾਲ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਵਰਤਦਾ ਹੈ। ਵਿਦਿਆਰਥੀਆਂ ਨੇ ਕਈ ਹੋਰ ਗੰਭੀਰ ਇਲਜ਼ਾਮ ਵੀ ਲਗਾਏ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੂੰ ਵਿਦਿਆਰਥੀਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਤੇ ਇਕ ਸੇਵਾ ਮੁਕਤ ਜੱਜ ਮਾਮਲੇ ਦੀ ਜਾਂਚ ਕਰੇਗਾ। ਪ੍ਰੋ. ਅਰਵਿੰਦ ਨੇ ਕਿਹਾ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।