ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਨੂੰ ਕੇਂਦਰ ਦੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਉਠਾਉਣ ਦੀ ਕੀਤੀ ਅਪੀਲ 

ਏਜੰਸੀ

ਖ਼ਬਰਾਂ, ਪੰਜਾਬ

ਵਿਸ਼ੇਸ਼ ਮਾਈਕਰੋ ਲੋਨ ਸਕੀਮ ਤਹਿਤ ਸਟਰੀਟ ਵਿਕਰੇਤਾ 50 ਹਜ਼ਾਰ ਰੁਪਏ ਤੱਕ ਦਾ ਲੈ ਸਕਦੇ ਹਨ ਕਰਜ਼ਾ : ਸੰਸਦ ਮੈਂਬਰ ਪ੍ਰਨੀਤ ਕੌਰ

Preneet Kaur

ਪਟਿਆਲਾ - ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੋਵਿਡ ਦੇ ਸਮੇਂ ਦੌਰਾਨ ਕੰਮ ਕਰਨ ਲਈ ਮਜ਼ਬੂਰ ਹੋਏ ਸਾਡੇ ਸਟਰੀਟ ਵਿਕਰੇਤਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਮੁੜ ਵਸੇਬੇ ਲਈ ਇੱਕ ਬਹੁਤ ਹੀ ਪ੍ਰਗਤੀਸ਼ੀਲ ਯੋਜਨਾ ਸ਼ੁਰੂ ਕੀਤੀ ਹੈ।

ਇਸ ਸਕੀਮ ਤਹਿਤ ਸਟਰੀਟ ਵੈਂਡਰਾਂ ਨੂੰ 50,000 ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਨੂੰ ਪਹਿਲੀ ਕਿਸ਼ਤ ਵਿਚ 10,000 ਰੁਪਏ, ਦੂਜੀ ਕਿਸ਼ਤ ਵਿਚ 20,000 ਰੁਪਏ ਅਤੇ ਤੀਜੀ ਕਿਸ਼ਤ ਵਿਚ 50,000 ਰੁਪਏ ਦਿੱਤੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ "ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਸਸਤੇ ਕਰਜ਼ੇ ਤੱਕ ਮੁਸ਼ਕਿਲ ਰਹਿਤ ਪਹੁੰਚ ਦੁਆਰਾ ਸਟਰੀਟ ਵਿਕਰੇਤਾਵਾਂ ਨੂੰ ਸਸ਼ਕਤ ਕਰਨ ਲਈ ਕੰਮ ਕਰਦੀ ਹੈ।

ਜੋ ਸਬਜ਼ੀਆਂ, ਫਲ, ਖਾਣ ਲਈ ਤਿਆਰ ਸਟ੍ਰੀਟ ਫੂਡ, ਚਾਹ, ਪਾਨ ਦੀਆਂ ਦੁਕਾਨਾਂ, ਕਾਰੀਗਰ ਉਤਪਾਦ ਆਦਿ ਵੇਚਣ ਵਾਲੇ ਵਿਕਰੇਤਾ ਜਾਂ ਨਾਈ ਦੀਆਂ ਦੁਕਾਨਾਂ, ਮੋਚੀ, ਲਾਂਡਰੀ ਸੇਵਾਵਾਂ ਆਦਿ ਸਮੇਤ ਸੇਵਾਵਾਂ ਵਿਚ ਲੱਗੇ ਲੋਕ ਇਸ ਸਕੀਮ ਅਧੀਨ ਬੈਂਕਾਂ ਅਤੇ ਮਾਈਕ੍ਰੋਫਾਈਨਾਂਸ ਰਿਣਦਾਤਿਆਂ ਤੋਂ ਕਾਰਜਸ਼ੀਲ ਪੂੰਜੀ ਕਰਜ਼ੇ ਲੈ ਸਕਦੇ ਹਨ।   

ਪ੍ਰਨੀਤ ਕੌਰ ਨੇ ਕਿਹਾ ਕਿ “ਵਿਕਰੇਤਾ ਸਕੀਮ ਦੇ ਪੋਰਟਲ ਜਾਂ ਮੋਬਾਈਲ ਐਪ ਰਾਹੀਂ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ, ਇਹ ਵਿਕਰੇਤਾ ਕਰਜ਼ੇ ਲਈ ਅਰਜ਼ੀ ਦੇਣ ਲਈ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀਐਸਸੀ) ਜਾਂ ਨਗਰ ਨਿਗਮ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਕਰਜ਼ੇ ਦੀ ਪ੍ਰਕਿਰਿਆ ਬਹੁਤ ਸਰਲ ਅਤੇ ਸਵੈਚਾਲਤ ਹੈ। ਮੋਬਾਈਲ ਐਪ ਅਤੇ ਵੈੱਬ ਪੋਰਟਲ ਰਾਹੀਂ ਅਤੇ ਐਪਲੀਕੇਸ਼ਨ ਨੂੰ ਮਨਜ਼ੂਰੀ ਮਿਲਣ ਵਿਚ 30 ਦਿਨਾਂ ਤੋਂ ਘੱਟ ਸਮਾਂ ਲੱਗਦਾ ਹੈ।"