ਲੁਟੇਰਿਆਂ ਨੇ ਦਿਵਿਆਂਗ ਤੋਂ ਕੀਤੀ ਲੁੱਟਖੋਹ, ਵੀਡੀਓ ਵਾਇਰਲ ਹੋਣ ਤੋਂ ਬਾਅਦ ਇਕ ਗ੍ਰਿਫ਼ਤਾਰ
ਦਿਵਿਆਂਗ ਨੇ ਅਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਫਿਰ ਵੀ ਲੁਟੇਰ ਖੋਹ ਕੇ ਲੈ ਕੇ ਚਾਂਦੀ ਦੀ ਚੇਨ ਤੇ ਪੈਸੇ
ਹੁਸ਼ਿਆਰਪੁਰ - ਸ਼ਹਿਰ 'ਚ ਲੁਟੇਰਿਆਂ ਵੱਲੋਂ ਦਿਵਿਆਂਗ ਨੌਜਵਾਨ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲੁਟੇਰਿਆਂ ਨੇ ਇਕ ਦਿਵਿਆਂਗ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਤੇ ਉਸ ਤੋਂ ਸਮਾਨ ਦੀ ਲੁੱਟਖੋਹ ਕੀਤੀ। ਇਸ ਤੋਂ ਬਾਅਦ ਲੁਟੇਰੇ ਉਸ ਦਾ ਮੋਬਾਇਲ ਫੋਨ ਅਤੇ ਚਾਂਦੀ ਦਾ ਬ੍ਰੇਸਲਟ ਲੈ ਕੇ ਫਰਾਰ ਹੋ ਗਏ। ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਨੌਜਵਾਨ ਜਤਿਨ ਮਹਿਰਾ ਵਾਸੀ ਮੁਹੱਲਾ ਪ੍ਰੇਮਗੜ੍ਹ ਨੇ ਦੱਸਿਆ ਕਿ ਉਸ ਦੀ ਉਮਰ ਮਹਿਜ਼ 22 ਸਾਲ ਹੈ ਅਤੇ ਉਹ ਫੇਰੀ ਲਗਾ ਕੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਘਰ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿਚ ਉਸ ਨੂੰ 2 ਮੁੰਡੇ ਮਿਲੇ ਜਿਸ ਵਿਚੋਂ ਇਕ ਨੌਜਵਾਨ ਨੂੰ ਉਹ ਜਾਣਦਾ ਸੀ ਅਤੇ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਬਲਾਉਣ ਆਏ ਹਨ
ਪਰ ਜਿਵੇਂ ਹੀ ਉਸ ਨੂੰ ਲੁੱਟ ਦਾ ਸ਼ੱਕ ਪਿਆ ਤਾਂ ਉਸ ਵੱਲੋਂ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਲੁਟੇਰਾ ਉਸ ਨਾਲ ਕੁੱਟਮਾਰ ਕਰਕੇ ਫੋਨ ਅਤੇ ਉਸ ਦਾ ਚਾਂਦੀ ਦਾ ਬ੍ਰੇਸਲਟ ਲੈ ਕੇ ਫਰਾਰ ਹੋ ਗਿਆ। ਜਤਿਨ ਨੇ ਪੁਲਿਸ ਨੂੰ ਗੁਹਾਰ ਲਗਾਈ ਕਿ ਉਹ ਤੁਰੰਤ ਲੁਟੇਰਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਅਤੇ ਇਸ ਦੇ ਨਾਲ ਹੀ ਜਤਿਨ ਨੇ ਅਜਿਹੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ
ਕਿ ਜੇਕਰ ਉਹ ਦਿਵਆਂਗ ਹੋਣ ਦੇ ਬਾਵਜੂਦ ਮਿਹਨਤ ਕਰ ਸਕਦਾ ਹੈ ਤਾਂ ਗਲਤ ਰਾਹ 'ਤੇ ਪਏ ਨੌਜਵਾਨ ਮਿਹਨਤ ਕਿਉਂ ਨਹੀਂ ਕਰ ਸਕਦੇ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਪੁਲਿਸ ਨੂੰ ਅਜਿਹੇ ਗਲਤ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ ਉਹ ਦੁਬਾਰਾ ਅਜਿਹਾ ਨਾ ਕਰਨ।