ਹੁਸ਼ਿਆਰਪੁਰ: ਬੀਤੇ ਦਿਨੀਂ ਹੁਸ਼ਿਆਰਪੁਰ ਵਿੱਚ ਫਗਵਾੜਾ ਤੋਂ ਆ ਕੇ ਰਹਿ ਰਹੇ ਪਰਿਵਾਰ ਦੇ ਪੰਜ ਸਾਲ ਦੇ ਛੋਟੇ ਜਿਹੇ ਬੱਚੇ ਹਰਵੀਰ ਦੀ ਇੱਕ ਪ੍ਰਵਾਸੀ ਵੱਲੋਂ ਦਰਿੰਦਗੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੁਸ਼ਿਆਰਪੁਰ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਦੀਆਂ ਅੱਖਾਂ ਨਮ ਹੋਈਆਂ ਅਤੇ ਹਰ ਕਿਸੇ ਦਾ ਰੋਣ ਨਿਕਲਿਆ। ਪਿੰਡ ਦੇ ਲੋਕ ਹਰਵੀਰ ਨੂੰ ਯਾਦ ਕਰ ਰਹੇ ਨੇ ਅਤੇ ਉਸ ਨੂੰ ਸ਼ਰਧਾਂਜਲੀ ਦਿੰਦਿਆਂ ਕੈਂਡਲ ਮਾਰਚ ਕੱਢੇ ਜਾ ਰਹੇ ਹਨ।
ਹੁਸ਼ਿਆਰਪੁਰ ਚਿੰਤਪੁਰਨੀ ਰੋਡ ਦੇ ਪਿੰਡ ਕੋਟਲਾ ਗੌਂਸਪੁਰ ਵਿੱਚ ਮਾਊਂਟ ਵਿਊ ਕਲੋਨੀ ਅੰਦਰ ਵੀ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਹਰਵੀਰ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੰਦਿਆਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਸ ਮੌਕੇ ਪਿੰਡ ਦੇ ਮੋਹਤਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਅਤੇ ਬਿਨਾਂ ਕਿਸੇ ਕਾਗਜ਼ਾਤ ਜਾਂ ਬਿਨਾਂ ਪਹਿਚਾਣ ਅਤੇ ਪਹਿਚਾਣ ਲੁਕਾ ਕੇ ਰਹਿ ਰਹੇ ਸ਼ੱਕੀ ਪ੍ਰਵਾਸੀਆਂ ਦੀ ਜਾਂਚ ਵੱਡੇ ਪੱਧਰ ’ਤੇ ਕਰਨ ਦੀ ਮੰਗ ਵੀ ਕੀਤੀ ਗਈ।