'ਆਪ' ਪੰਜਾਬ ਕੋਰ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫੈਸਲੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਪੰਜਾਬ ਕੋਰ ਕਮੇਟੀ ਦੀ ਬੈਠਕ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਚੰਡੀਗੜ ਵਿਖੇ ਹੋਈ

Principal Budh Ram

ਚੰਡੀਗੜ, (ਸ.ਸ.ਸ ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਪੰਜਾਬ ਕੋਰ ਕਮੇਟੀ ਦੀ ਬੈਠਕ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਚੰਡੀਗੜ ਵਿਖੇ ਹੋਈ, ਜਿਸ ਵਿਚ ਕੋਰ ਕਮੇਟੀ ਮੈਂਬਰ ਅਤੇ ਸੰਸਦ ਮੰਤਰੀ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਰੁਪਿੰਦਰ ਕੌਰ ਰੂਬੀ, ਅਮਰਜੀਤ ਸਿੰਘ ਸੰਦੋਆ ਅਤੇ

ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ), ਡਾ. ਬਲਬੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ ਅਤੇ ਗੁਰਦਿੱਤ ਸਿੰਘ ਸੇਖੋਂ, ਸੁਖਵਿੰਦਰ ਸੁੱਖੀ, ਜਮੀਲੂ ਉਰ-ਰਹਿਮਾਨ ਅਤੇ ਮਨਜੀਤ ਸਿੱਧੂ ਮੈਂਬਰ ਕੋਰ ਕਮੇਟੀ ਸ਼ਾਮਲ ਹੋਏ। ਬੈਠਕ ਦੌਰਾਨ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਇੱਕ ਪੰਜ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜੋ ਪਾਰਟੀ ਦੇ ਨਾਰਾਜ਼ ਆਗੂਆਂ ਨਾਲ ਦੂਰੀਆਂ ਖ਼ਤਮ ਕਰਨ ਲਈ ਕੰਮ ਕਰੇਗੀ। ਕਮੇਟੀ 'ਚ ਸੰਸਦ ਮੈਂਬਰ ਭਗਵੰਤ ਮਾਨ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ ਅਤੇ ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ) ਸ਼ਾਮਲ ਹਨ।

ਪਾਰਟੀ ਦੀ ਮਜ਼ਬੂਤੀ ਲਈ ਕਮੇਟੀ ਨੇ 'ਸਾਡਾ ਬੂਥ ਸਭ ਤੋਂ ਮਜ਼ਬੂਤ' ਪ੍ਰੋਗਰਾਮ ਤਹਿਤ ਪਾਰਟੀ ਨੂੰ ਧਰਾਤਲ ਪੱਧਰ ਤੱਕ ਮਜ਼ਬੂਤ ​​ਕਰਨ ਦਾ ਪ੍ਰੋਗਰਾਮ ਵੀ ਉਲੀਕਿਆ। ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਵਿਸਥਾਰ ਅਧੀਨ  ਕੋਰ ਕਮੇਟੀ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ 'ਆਪ' ਐਸ.ਸੀ (ਦਲਿਤ) ਵਿੰਗ ਦਾ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਸੂਬਾ ਸਹਿ ਪ੍ਰਧਾਨ ਨਿਯੁਕਤ ਕੀਤਾ। ਕੋਰ ਕਮੇਟੀ 'ਚ' ਆਪ 'ਵਿਧਾਇਕ ਐਚਐਸ ਫੂਲਕਾ ਵੱਲੋਂ ਬੇਅਦਬੀ ਮਾਮਲੇ' ਚ ਦੋਸ਼ੀਆਂ ਨੂੰ ਸਜਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਦਿੱਤੇ ਗਏ ਅਸਤੀਫ਼ੇ ਨੂੰ 'ਫੂਲਕਾ ਸਾਹਿਬ ਦੀ ਕੁਰਬਾਨੀ' ਕਰਾਰ ਦਿੱਤਾ ਗਿਆ।

ਕਮੇਟੀ ਨੇ ਕਿਹਾ ਕਿ ਫੂਲਕਾ ਨੇ ਇਹ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਸਮੇਤ 5 ਕਾਂਗਰਸੀ ਮੰਤਰੀਆਂ ਦੀਆਂ ਜਮੀਰਾਂ ਜਗਾਉਣ ਲਈ ਦਿੱਤਾ। ਕਮੇਟੀ 'ਚ ਵਿਸ਼ੇਸ਼ ਤੌਰ' ਤੇ ਕਿਹਾ ਗਿਆ ਕਿ ਵਿਧਾਇਕ ਕੇਵਲ ਪੰਜ ਸਾਲ ਲਈ ਹੁੰਦਾ ਹੈ ਪਰ ਫੂਲਕਾ ਦੀ ਇਸ ਕੁਰਬਾਨੀ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਕੇਰ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੀਡੀਆ ਰਾਹੀਂ ਸੰਦੇਸ਼ ਦਿੱਤਾ ਕਿ ਉਹ ਫੂਲਕਾ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਥਾਂ ਬੇਅਦਬੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜਾ ਦੇਣ, ਨਹੀਂ ਤਾਂ ਕੈਪਟਨ ਦਾ ਨਾਂ ਇਤਿਹਾਸ ਦੇ ਕਾਲੇ ਪੰਨਿਆਂ 'ਚ ਲਿਖਿਆ ਜਾਵੇਗਾ।

ਕੋਰ ਕਮੇਟੀ 'ਚ ਡੀਜ਼ਲ-ਪੈਟਰੋਲ ਅਤੇ ਬਿਜਲੀ ਦੀਆਂ ਰੋਜ਼ ਵਧਦੀਆਂ ਦਰਾਂ ਵਿਰੁੱਧ ਲੋਕ ਹਿਤ ਸੰਘਰਸ਼ ਸ਼ੁਰੂ ਕਰਨ ਦੇ ਪ੍ਰੋਗਰਾਮ ਉਲੀਕੇ। ਜਿਸ ਦੀ ਜਲਦ ਹੀ ਘੋਸ਼ਣਾ ਕੀਤੀ ਜਾਵੇਗੀ। ਕੋਰ ਕਮੇਟੀ 'ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਪ੍ਰਕਿਰਿਆ' ਤੇ ਚਰਚਾ ਹੋਈ। ਫ਼ੈਸਲੇ ਅਨੁਸਾਰ ਨਵੰਬਰ ਅੰਤ ਤੱਕ ਸਾਰੀਆਂ ਸੀਟਾਂ ਘੋਸ਼ਿਤ ਕਰ ਦਿੱਤੀਆਂ ਜਾਣਗੀਆਂ। ਕੋਰ ਕਮੇਟੀ 'ਚ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਵੱਲੋਂ ਪੀਜੀਆਈ ਚੰਡੀਗੜ ਨੂੰ ਸਟੇਨਲੈਸ ਸਟੀਲ ਦੀਆਂ 300 ਟਰਾਲੀਆਂ ਦੇਣ ਦੀ ਸ਼ਲਾਘਾ ਕੀਤੀ ਗਈ, ਜੋ 30 ਲੱਖ ਦੀ ਕੀਮਤ ਨਾਲ ਅਗਲੇ ਕੁੱਝ ਦਿਨਾਂ 'ਚ ਪੀਜੀਆਈ ਨੂੰ ਮਿਲ ਜਾਣਗੀਆਂ।