ਸ਼੍ਰੋਮਣੀ ਅਕਾਲੀ ਦਲ ਲੋਕਾਂ ਦਾ ਰੋਸ ਵੇਖ ਕੇ ਤ੍ਰਭਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਮਾਗਮਾਂ

Bikram majithia and Sukhbir badal

ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਮਾਗਮਾਂ ਵਿਚ ਸ਼ੁਰੂ ਹੋਏ ਬਾਈਕਾਟ ਦੀਆਂ ਘਟਨਾਵਾਂ ਕਾਰਨ ਅਕਾਲੀ ਦਲ ਤ੍ਰਭਕ ਗਿਆ ਹੈ। ਬੀਤੇ ਦਿਨ ਇਕ ਸੰਤ ਸਮਾਗਮ ਵਿਚ ਸੰਗਤ ਵਲੋਂ ਦੋਹਾਂ ਅਕਾਲੀ ਨੇਤਾਵਾਂ ਨੂੰ ਘੇਰਨ ਦੀ ਵਾਪਰੀ ਘਟਨਾ ਨੇ ਬਾਦਲਾਂ ਦੀ ਨੀਂਦ ਖ਼ਰਾਬ ਕਰ ਦਿਤੀ ਹੈ।

ਉਚ ਭਰੋਸੇਯੋਗ ਸੂਤਰ ਦਸਦੇ ਹਨ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਦੀ 7 ਅਕਤੂਬਰ ਦੀ ਰੈਲੀ ਵਿਚ ਰੋਜ਼ਾਨਾ ਸਪੋਕਸਮੈਨ ਦੇ ਬਾਈਕਾਟ ਦਾ ਦਿਤਾ ਸੱਦਾ ਲੀਡਰਸ਼ਿਪ 'ਤੇ ਭਾਰੂ ਪੈਣ ਲੱਗਾ ਹੈ। ਬਾਦਲਾਂ ਦੇ ਨੇੜੇ ਰਹੇ ਆਗੂਆਂ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਹੱਕ ਵਿਚ ਦਿਤੇ ਜਾ ਰਹੇ ਬਿਆਨ ਪਾਰਟੀ ਅੰਦਰ ਵੱਧ ਰਹੀ ਬੇਚੈਨੀ ਦਾ ਸੰਕੇਤ ਦੇਣ ਲੱਗੇ ਹਨ। ਉਚ ਭਰੋਸੇਯੋਗ ਸੂਤਰਾਂ ਦਾ ਦਸਣਾ ਹੈ ਕਿ ਸੁਖਬੀਰ ਅਤੇ ਬਿਕਰਮ ਨੂੰ ਲੋਕਾਂ ਵਲੋਂ ਦੂਜੀ ਵਾਰ ਘੇਰਨ ਤੋਂ ਬਾਅਦ ਪੈਦਾ ਹੋਈ ਸਥਿਤੀ 'ਤੇ ਵਿਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਚ ਨੇਤਾਵਾਂ ਦੀ ਇਕ ਹੰਗਾਮੀ ਮੀਟਿੰਗ ਹੋਈ।

ਸੈਕਟਰ 4 ਵਿਚ ਹੋਈ ਇਸ ਗੁਪਤ ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਦਿੱਲੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਮੌਜੂਦ ਸਨ। ਅੱਜ ਦੀ ਮੀਟਿੰਗ ਨੂੰ ਇੰਨਾ ਗੁਪਤ ਰਖਿਆ ਗਿਆ ਕਿ ਖ਼ੁਫ਼ੀਆ  ਏਜੰਸੀਆਂ ਨੂੰ ਭਿਣਕ ਨਾ ਪੈਣ ਦਿਤੀ ਅਤੇ ਨਾਲ ਹੀ ਮੀਡੀਆ ਨੂੰ ਝਕਾਨੀ ਦੇਣ ਲਈ ਆਗੂਆਂ ਨਾਲ ਚਲਣ ਵਾਲੇ ਸੁਰੱਖਿਆ ਦੇ ਕਾਫ਼ਲੇ ਨੂੰ ਵੀ ਸੈਕਟਰ 8 ਵਿਚ ਇਕ ਅਕਾਲੀ ਆਗੂ ਦੀ ਕੋਠੀ ਵਿਚ ਛੱਡ ਦਿਤਾ ਗਿਆ।

ਪਤਾ ਲਗਾ ਹੈ ਕਿ ਮੀਟਿੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਜਾਂ ਉਨ੍ਹਾਂ ਤੋਂ ਸਿਹਤ ਠੀਕ ਹੋਣ ਦਾ ਹਵਾਲਾ ਦੇ ਕੇ ਅਸਤੀਫ਼ਾ ਲੈਣ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਸੂਤਰ ਇਹ ਵੀ ਦਸਦੇ ਹਨ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਰੈਲੀ ਵਿਚ ਰੋਜ਼ਾਨਾ ਸਪੋਕਸਮੈਨ ਦੇ ਬਾਈਕਾਟ ਦੇ ਦਿਤੇ ਸੱਦੇ ਉਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਵੀ ਪਤਾ ਲਗਾ ਹੈ ਕਿ ਅਕਾਲੀ ਨੇਤਾਵਾਂ ਦੇ ਰੋਜ਼ਾਨਾ ਸਪੋਕਸਮੈਨ ਦੇ ਹੱਕ ਵਿਚ ਡੱਟਣ ਬਾਰੇ ਆ ਰਹੇ ਬਿਆਨ ਅਕਾਲੀ ਦਲ 'ਤੇ ਭਾਰੂ ਪੈ ਚੁਕੇ ਹਨ।

ਚੇਤੇ ਕਰਵਾਇਆ ਜਾਂਦਾ ਹੈ ਕਿ ਲੰਘੇ ਕਲ ਗੁਰਦਾਸਪੁਰ ਦੇ ਸਮਾਗਮ ਵਿਚ ਜਦੋਂ ਸੁਖਬੀਰ ਤੇ ਬਿਕਰਮ ਸਿੰਘ ਮਜੀਠੀਆ ਸ਼ਾਮਲ ਹੋਣ ਲਈ ਗਏ ਸਨ ਤਾਂ ਸੰਗਤਾਂ ਨੇ ਵਿਰੋਧ ਵਿਚ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਸੀ ਅਤੇ ਦੋਹਾਂ ਨੂੰ ਇਕ ਕਮਰੇ ਵਿਚ ਬਿਠਾਉਣਾ ਪੈ ਗਿਆ ਸੀ। ਵਖਰੀ ਗੱਲ ਹੈ ਕਿ ਸਮਾਗਮ ਦੇ ਮੁਖੀ ਸੰਤਾਂ ਨੇ ਸਥਿਤੀ ਸੰਭਾਲ ਲਈ ਸੀ। ਇਸ ਤੋਂ ਪਹਿਲਾਂ ਵੀ ਇਕ ਸਮਾਗਮ ਦੌਰਾਨ ਸੁਖਬੀਰ ਬਾਦਲ ਨੂੰ ਲੋਕਾਂ ਵਲੋਂ ਘੇਰਨ ਦੀ ਘਟਨਾ ਵਾਪਰੀ ਸੀ।